ਆਪਣੇ ਭਰਾ ਨੂੰ ਵੀ ਟਿਕਟ ਨਹੀਂ ਦਿਲਾ ਸਕੇ ਚੰਨੀ, ਕਾਂਗਰਸੀ ਉਮੀਦਵਾਰਾਂ ਦੀ ਸੂਚੀ ਤੈਅ ਕਰਨ 'ਚ ਸਿੱਧੂ ਹਾਵੀ

By  Jasmeet Singh January 16th 2022 03:27 PM -- Updated: January 16th 2022 03:50 PM

ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਦਬਦਬਾ ਰਿਹਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹੁਤਾ ਕੁਝ ਨਹੀਂ ਕਰ ਸਕੇ। ਪਾਰਟੀ ਨੇ 117 ਵਿੱਚੋਂ 86 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਰੋਕਣ ਲਈ ਕਾਂਗਰਸ ਨੇ ਅਮਰਿੰਦਰ ਸਿੰਘ ਦੇ ਕਰੀਬੀਆਂ ਨੂੰ ਵੀ ਟਿਕਟਾਂ ਦਿੱਤੀਆਂ ਹਨ। ਪਹਿਲੀ ਸੂਚੀ ਵਿੱਚ 4 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ।

ਇਹ ਵੀ ਪੜ੍ਹੋ: CM ਚੰਨੀ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਚੋਣਾਂ ਮੁਲਤਵੀ ਕਰਨ ਦੀ ਕੀਤੀ ਮੰਗ

ਕਾਂਗਰਸੀ ਉਮੀਦਵਾਰਾਂ ਦੀ ਸੂਚੀ ਤੈਅ ਕਰਨ ਦੇ ਮਾਮਲੇ 'ਚ ਸਿੱਧੂ ਇਸ ਕਦਰ ਹਾਵੀ ਨੇ ਕਿ ਚੰਨੀ ਬੱਸੀ ਪਠਾਣਾ ਤੋਂ ਆਪਣੇ ਭਰਾ ਡਾ: ਮਨੋਹਰ ਸਿੰਘ ਨੂੰ ਟਿਕਟ ਨਹੀਂ ਦਿਲਵਾ ਸਕੇ। ਉਨ੍ਹਾਂ ਦੇ ਭਰਾ ਨੇ ਹਾਲ ਹੀ ਵਿੱਚ ਸਵੈ-ਇੱਛਤ ਰਿਟਾਇਰਮੈਂਟ ਲੀਤੀ ਸੀ ਤੇ ਚੰਨੀ ਖ਼ੁਦ ਜਾਂ ਰਿਸ਼ਤੇਦਾਰ ਮਹਿੰਦਰ ਕੇਪੀ ਨੂੰ ਆਦਮਪੁਰ ਤੋਂ ਟਿਕਟ ਦਿਲਵਾਣਾ ਚਾਹੁੰਦੇ ਸਨ। ਪਰ ਸਿੱਧੂ ਦੀ ਇੱਛਾ ਅਨੁਸਾਰ ਸੁਖਵਿੰਦਰ ਕੋਟਲੀ ਨੂੰ ਟਿਕਟ ਦਿੱਤੀ ਗਈ। ਛੇ ਦਿਨ ਭਾਜਪਾ 'ਚ ਰਹਿਣ ਤੋਂ ਬਾਅਦ ਪਰਤੇ ਲਾਡੀ 'ਤੇ ਵੀ ਭਰੋਸਾ ਨਹੀਂ ਪ੍ਰਗਟਾਇਆ ਗਿਆ। ਅਬੋਹਰ ਤੋਂ ਕਾਂਗਰਸ ਦੇ ਦਿੱਗਜ ਆਗੂ ਸੁਨੀਲ ਜਾਖੜ ਚੋਣ ਨਹੀਂ ਲੜ ਰਹੇ ਹਨ। ਉਥੋਂ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਨੂੰ ਟਿਕਟ ਦਿੱਤੀ ਗਈ ਹੈ। ਪਟਿਆਲਾ ਦਿਹਾਤੀ ਤੋਂ ਮੌਜੂਦਾ ਮੰਤਰੀ ਬ੍ਰਹਮ ਮਹਿੰਦਰਾ ਦੀ ਥਾਂ ਉਨ੍ਹਾਂ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਟਿਕਟ ਦਿੱਤੀ ਗਈ ਹੈ।

ਪਹਿਲੀ ਸੂਚੀ ਵਿੱਚ ਹੀ ਸਿੱਧੂ, ਸੀਐਮ ਚੰਨੀ, ਸੰਸਦ ਮੈਂਬਰ ਪ੍ਰਤਾਪ ਬਾਜਵਾ, ਸਾਬਕਾ ਸੀਐਮ ਰਾਜਿੰਦਰ ਕੌਰ ਭੱਠਲ ਸਮੇਤ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸਿੱਧੂ ਨੇ ਸੁਲਤਾਨਪੁਰ ਲੋਧੀ ਤੋਂ ਮੰਤਰੀ ਰਾਣਾ ਗੁਰਜੀਤ ਦੀ ਥਾਂ ਵਿਰੋਧੀ ਨਵਤੇਜ ਚੀਮਾ ਨੂੰ, ਬੱਸੀ ਪਠਾਣਾ ਤੋਂ ਸੀਐਮ ਚੰਨੀ ਦੇ ਭਰਾ ਦੀ ਥਾਂ ਗੁਰਪ੍ਰੀਤ ਜੀਪੀ ਨੂੰ, ਰਾਏਕੋਟ ਤੋਂ 'ਆਪ' ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਵਿਧਾਇਕ ਜਗਤਾਰ ਜੱਗਾ ਦੀ ਥਾਂ ਕਾਮਿਲ ਅਮਰ ਸਿੰਘ ਅਤੇ ਬਠਿੰਡਾ ਦਿਹਾਤੀ ਤੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਿਰੋਧੀ ਹਰਵਿੰਦਰ ਲਾਡੀ ਨੂੰ ਟਿਕਟ ਐਲਾਨੀ ਹੈ।

ਆਮ ਆਦਮੀ ਪਾਰਟੀ ਛੱਡਣ ਵਾਲੀ ਰੁਪਿੰਦਰ ਕੌਰ ਰੂਬੀ ਨੂੰ ਮਲੋਟ ਤੋਂ ਮੌਜੂਦਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਜਗ੍ਹਾ ਟਿਕਟ ਦਿੱਤੀ ਗਈ ਹੈ। ਰੂਬੀ ਇਸ ਤੋਂ ਪਹਿਲਾਂ 'ਆਪ' ਦੀ ਟਿਕਟ 'ਤੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਸਨ। ਬੱਲੂਆਣਾ ਤੋਂ ਵਿਧਾਇਕ ਨੱਥੂ ਰਾਮ ਦੀ ਟਿਕਟ ਕੱਟ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ਰਜਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਦੇ ਕਰੀਬੀ ਹੋਣ ਕਾਰਨ ਜਿਨ੍ਹਾਂ ਕਾਂਗਰਸੀ ਆਗੂਆਂ ਤੋਂ ਮੰਤਰੀ ਅਹੁਦੇ ਖੋਹ ਲਏ ਗਏ ਸਨ, ਉਨ੍ਹਾਂ ਨੂੰ ਮੁੜ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਕਾਂਗੜ, ਮੁਹਾਲੀ ਤੋਂ ਬਲਬੀਰ ਸਿੱਧੂ, ਹੁਸ਼ਿਆਰਪੁਰ ਤੋਂ ਸ਼ਾਮ ਸੁੰਦਰ ਅਰੋੜਾ, ਨਾਭਾ ਤੋਂ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਕੈਪਟਨ ਦੇ ਸਲਾਹਕਾਰ ਰਹੇ ਸੰਦੀਪ ਸੰਧੂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

-PTC News

Related Post