ਮੋਹਾਲੀ ਦੇ ਪਿੰਡ ਬਲੌਂਗੀ 'ਚ ਗੈਸ ਸਿਲੰਡਰ ਲੀਕ, ਅੱਧਾ ਪਿੰਡ ਕਰਵਾਇਆ ਗਿਆ ਖ਼ਾਲੀ

By  Shanker Badra June 8th 2020 03:51 PM

ਮੋਹਾਲੀ ਦੇ ਪਿੰਡ ਬਲੌਂਗੀ 'ਚ ਗੈਸ ਸਿਲੰਡਰ ਲੀਕ, ਅੱਧਾ ਪਿੰਡ ਕਰਵਾਇਆ ਗਿਆ ਖ਼ਾਲੀ:ਮੋਹਾਲੀ : ਮੋਹਾਲੀ ਦੇ ਪਿੰਡ ਬਲੌਂਗੀ ਦੀ ਰਾਮ ਲੀਲਾ ਗਰਾਊਂਡ ਨੇੜੇ ਬੀਤੀ ਰਾਤ ਪਾਣੀ ਵਾਲੀ ਟੈਂਕੀ ਕੋਲੋਂ ਕਲੋਰੀਨ ਗੈਸ ਸਿਲੰਡਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੈਸ ਸਿਲੰਡਰ ਲੀਕ ਹੋਣ ਕਾਰਨ 50 ਤੋਂ ਵੱਧ ਵਿਅਕਤੀਆਂ ਦੀ ਹਾਲਤ ਖਰਾਬ ਹੋ ਗਈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਹ ਘਟਨਾ ਰਾਤ 11 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਸੀਨੀਅਰ ਅਫ਼ਸਰ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਹਨ। ਸੂਤਰਾਂ ਅਨੁਸਾਰ ਫਾਇਰ ਬ੍ਰਿਗੇਡ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਵੀ ਹਸਪਤਾਲ ਲੈ ਕੇ ਜਾਣਾ ਪਿਆ। ਬਲੌਂਗੀ ਵਿਚ ਵਾਟਰ ਵਰਕਸ ਨੇੜੇ ਰਹਿਣ ਵਾਲੇ ਲੋਕ ਉਸ ਸਮੇਂ ਸਹਿਮ ਗਏ, ਜਦੋਂ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਮਹਿਸੂਸ ਹੋਈ।

ਮਿਲੀ ਜਾਣਕਾਰੀ ਮੁਤਾਬਕ ਜਿੱਥੇ ਸਿਲੰਡਰ ਲੀਕ ਹੋਇਆ ਹੈ, ਉਸ ਦੇ ਆਸ-ਪਾਸ ਦਾ ਅੱਧਾ ਪਿੰਡ ਬਲੌਂਗੀ ਖਾਲੀ ਹੋ ਗਿਆ ਹੈ। ਸਿਹਤ ਵਿਭਾਗ ਅਧਿਕਾਰੀਆਂ ਅਨੁਸਾਰ 15 ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ 'ਚੋਂ ਛੁੱਟੀ ਕਰ ਦਿਤੀ ਗਈ ਹੈ ਅਤੇ 2-3 ਲੋਕਾਂ ਨੂੰ ਹੀ ਆਕਸੀਜਨ ਲਗਾਉਣੀ ਪਈ ਹੈ।

ਦੱਸਿਆ ਜਾ ਰਿਹਾ ਹੈ ਇਹ ਗੈਸ ਸਿਲੰਡਰ ਕਰੀਬ 10 ਸਾਲ ਪੁਰਾਣਾ ਹੈ, ਜਿਸ ਨੂੰ ਪਾਣੀ ਵਾਲੇ ਟੈਂਕ ਨੇੜੇ ਪਾਣੀ ਦੀ ਸਫਾਈ ਲਈ ਰੱਖਿਆ ਹੋਇਆ ਸੀ। ਇਹ ਗੈਸ ਸਿਲੰਡਰ ਬੀਤੀ ਰਾਤ ਲੀਕ ਹੋ ਗਿਆ ਅਤੇ ਗੈਸ ਦੀ ਲੀਕੇਜ ਨੂੰ ਰਾਤ ਦੇ ਕਰੀਬ 12.30 ਵਜੇ ਕੰਟਰੋਲ ਕੀਤਾ ਗਿਆ ਹੈ।  ਅਧਿਕਾਰੀਆਂ ਅਨੁਸਾਰ ਸਿਲੰਡਰ 10 ਕਿੱਲੋਗ੍ਰਾਮ ਦਾ ਸੀ ਅਤੇ ਨਜ਼ਦੀਕੀ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ।

-PTCNews

Related Post