ਕਾਂਗਰਸ ਸਰਕਾਰ ਬਠਿੰਡਾ ਏਮਜ਼ ਨੂੰ ਪ੍ਰਵਾਨਗੀਆਂ ਦੇਣ 'ਚ ਕਰ ਰਹੀ ਟਾਲ-ਮਟੋਲ :ਹਰਸਿਮਰਤ ਬਾਦਲ

By  Shanker Badra August 4th 2018 04:34 PM

ਕਾਂਗਰਸ ਸਰਕਾਰ ਬਠਿੰਡਾ ਏਮਜ਼ ਨੂੰ ਪ੍ਰਵਾਨਗੀਆਂ ਦੇਣ 'ਚ ਕਰ ਰਹੀ ਟਾਲ-ਮਟੋਲ :ਹਰਸਿਮਰਤ ਬਾਦਲ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਸੌੜੀ ਸਿਆਸਤ ਕਰਕੇ 925 ਕਰੋੜ ਰੁਪਏ ਦੀ ਲਾਗਤ ਵਾਲੇ ਬਠਿੰਡਾ ਦੇ ਏਮਜ਼ ਪ੍ਰਾਜੈਕਟ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਅਤੇ ਕੰਮ ਵਾਲੀ ਜਗ੍ਹਾ ਨੂੰ ਰੁਕਾਵਟ ਰਹਿਤ ਬਣਾਉਣ ਵਿਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਸ ਸਾਲ ਜੂਨ ਵਿਚ ਬਠਿੰਡਾ ਦੇ ਏਮਜ਼ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਅਤੇ ਫਰਵਰੀ 2019 ਵਿਚ ਇੱਥੇ ਡਾਇਗਨੌਸਟਿਕਸ ਲਈ ਓਪੀਡੀ ਦੀ ਸੇਵਾ ਸ਼ੁਰੂ ਕਰਨ ਦੇ ਐਲਾਨ ਪਿੱਛੋਂ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਸਹਿਮ ਗਈ ਹੈ।

ਉਹਨਾਂ ਕਿਹਾ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਖੇਤਰ ਦੇ ਲੋਕਾਂ ਲਈ ਮੈਡੀਕਲ ਸੇਵਾਵਾਂ ਦੀ ਸ਼ੁਰੂਆਤ ਹੋਣਾ ਕਾਂਗਰਸ ਸਰਕਾਰ ਨੂੰ ਬਿਲਕੁੱਲ ਪਸੰਦ ਨਹੀਂ ਹੈ,ਜੋ ਕਿ ਇਹ ਮਹਿਸੂਸ ਕਰਦੀ ਹੈ ਕਿ ਇਸ ਪ੍ਰਾਜੈਕਟ ਦਾ ਅਕਾਲੀ-ਭਾਜਪਾ ਗਠਜੋੜ ਨੂੰ ਸਿਆਸੀ ਲਾਭ ਮਿਲੇਗਾ।ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਲੋਕ-ਵਿਰੋਧੀ ਸੋਚ ਕਰਕੇ ਮਾਲਵਾ ਖੇਤਰ ਦੇ ਲੋਕਾਂ ਨੂੰ ਬੇਹੱਦ ਲੋੜੀਂਦੀ ਕੈਂਸਰ ਦੇ ਇਲਾਜ ਦੀ ਸਹੂਲਤ ਸਮੇਤ ਉੱਚ ਕਿਸਮ ਦੀਆਂ ਸਿਹਤ ਸੇਵਾਵਾਂ ਵਾਂਝੇ ਹੋਣਾ ਪੈ ਰਿਹਾ ਹੈ।

ਹਲਕਾ ਬਠਿੰਡਾ ਦੀ ਸਾਂਸਦ ਨੇ ਕਿਹਾ ਕਿ ਉਹਨਾਂ ਵੱਲੋਂ 177 ਏਕੜ ਥਾਂ ਉੱਤੇ ਏਮਜ਼ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਵਾਸਤੇ ਲੋੜੀਂਦੇ ਪ੍ਰਸਾਸ਼ਨਕੀ ਕਾਰਜਾਂ ਅਤੇ ਪ੍ਰਵਾਨਗੀਆਂ ਬਾਰੇ ਵਾਰ ਵਾਰ ਚਿੱਠੀਆਂ ਲਿਖੇ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਇਸ ਕੰਮ ਨੂੰ ਪੂਰਾ ਕਰਨ ਵਿਚ ਜਾਣ ਬੁੱਝ ਕੇ ਦਿਖਾਈ ਜਾ ਰਹੀ ਢਿੱਲ ਦੀ ਹੋਰ ਕੋਈ ਵਜ੍ਹਾ ਨਹੀਂ ਹੋ ਸਕਦੀ।ਉਹਨਾਂ ਕਿਹਾ ਕਿ ਹੁਣ ਕੇਂਦਰੀ ਸਿਹਤ ਮੰਤਰੀ ਜੇ.ਪੀ ਨੱਡਾ ਨੇ ਵੀ ਦੂਜੀ ਵਾਰ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਏਮਜ਼ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਕਰਵਾਉਣ ਵਾਸਤੇ ਨਿੱਜੀ ਤੌਰ ਤੇ ਦਖ਼ਲ ਦੇਣ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਨੇ ਕੱਲ ਲਿਖੀ ਚਿੱਠੀ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਹਾਈਟਸ ਨਾਂ ਦੀ ਜਿਸ ਏਜੰਸੀ ਨੂੰ ਬਠਿੰਡਾ ਏਮਜ਼ ਪ੍ਰਾਜੈਕਟ ਦਿੱਤਾ ਗਿਆ ਹੈ, ਨੇ ਸੂਬਾ ਸਰਕਾਰ ਕੋਲੋਂ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਸੰਬੰਧੀ ਸਾਰੇ ਦਸਤਾਵੇਜ਼ ਮੁਕੰਮਲ ਕਰਕੇ ਰਾਜ ਵਾਤਾਵਰਣ ਮੁਲੰਕਣ ਅਥਾਰਟੀ ਵਰਗੇ ਸੂਬਾਈ ਅਦਾਰਿਆਂ ਕੋਲ ਜਮ੍ਹਾ ਕਰਵਾ ਦਿੱਤੇ ਹਨ।ਉਹਨਾਂ ਕਿਹਾ ਕਿ ਨੱਡਾ ਨੇ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਹੈ ਕਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਬਾਰੇ ਵਾਰ-ਵਾਰ ਪੁੱਛੇ ਜਾਣ ਦੇ ਬਾਵਜੂਦ ਸੂਬਾ ਸਰਕਾਰ ਨੇ ਲੋੜੀਂਦੀਆਂ ਪ੍ਰਵਾਨਗੀਆਂ ਨਹੀਂ ਦਿੱਤੀਆਂ ਹਨ।ਉਹਨਾਂ ਕਿਹਾ ਕਿ ਨੱਡਾ ਨੇ ਇਹ ਨੁਕਤਾ ਵੀ ਉਠਾਇਆ ਕਿ ਕੰਮ ਵਾਲੀ ਜਗ੍ਹਾ ਨੂੰ ਰੁਕਾਵਟ ਰਹਿਤ ਬਣਾਉਣ ਲਈ ਉੱਥੇ ਲੱਗੇ ਬਿਜਲੀ ਦੇ ਖੰਭੇ ਹਟਾਉਣ ਅਤੇ ਪ੍ਰਾਜੈਕਟ ਵਾਲੀ ਥਾਂ ਵਿਚੋਂ ਨਿਕਲਦੇ ਰਜਵਾਹਿਆਂ ਨੂੰ ਹਟਾਉਣ ਵਾਸਤੇ ਕੁੱਝ ਨਹੀਂ ਕੀਤਾ ਜਾ ਰਿਹਾ ਹੈ।

ਬੀਬੀ ਬਾਦਲ ਨੇ ਕਿਹਾ ਕਿ ਇਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਕਿ ਫਰਵਰੀ 2019 ਵਿਚ ਬਠਿੰਡਾ ਏਮਜ਼ ਵਿਖੇ ਓਪੀਡੀ ਦੀ ਸਹੂਲਤ ਸ਼ੁਰੂ ਹੋਵੇ।ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਇਸ ਨਾਲ ਨਾ ਸਿਰਫ ਜੁਲਾਈ 2019 ਤੋਂ ਸ਼ੁਰੂ ਹੋਣ ਵਾਲਾ ਮੈਡੀਕਲ ਸੈਥਸ਼ਨ ਲਟਕ ਜਾਵੇਗਾ,ਸਗੋਂ 2020 ਤੱਕ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦਾ ਕੰਮ ਵੀ ਸਿਰੇ ਨਹੀਂ ਚੜੇਗਾ।

-PTCNews

Related Post