ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਲਈ ਸੱਦੇ ਵਿਧਾਨ ਸਭਾ ਦਾ ਵਿਸੇਸ਼ ਇਜਲਾਸ

By  Shanker Badra October 5th 2018 10:13 AM

ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਲਈ ਸੱਦੇ ਵਿਧਾਨ ਸਭਾ ਦਾ ਵਿਸੇਸ਼ ਇਜਲਾਸ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਦੁਆਰਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦਿੱਤੀ ਰਾਹਤ ਦਾ ਸਵਾਗਤ ਕਰਦਿਆਂ ਪੰਜਾਬ ਵਿਚ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਉੱਤਰੀ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਵੱਧ ਹਨ, ਉਹ ਤੁਰੰਤ ਦੋਵੇਂ ਪੈਟਰੋ ਵਸਤਾਂ ਉੱਤੇ ਵੈਟ ਵਿਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰੇ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਅਤੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਲਈ ਇੱਕ ਮਤਾ ਲੈ ਕੇ ਆਉਣ ਲਈ ਵੀ ਆਖਿਆ।ਉਹਨਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਇਹਨਾਂ ਪੈਟਰੋ ਵਸਤਾਂ ਉੱਤੇ ਲੱਗਣ ਵਾਲੇ ਵੈਟ ਅਤੇ ਦੂਜੇ ਟੈਕਸਾਂ ਵਿਚ ਭਾਰੀ ਕਟੌਤੀ ਹੋਵੇਗੀ।

ਸ.ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਸਰਕਾਰ ਵਾਸਤੇ ਆਪਣੀ ਕਥਨੀ ਨੂੰ ਅਮਲ ਵਿਚ ਲਿਆਉਣ ਦਾ ਮੌਕਾ ਹੈ।ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਦਾਅਵੇ ਕਰਦਾ ਆ ਰਿਹਾ ਹੈ ਕਿ ਜੇਕਰ ਕੇਂਦਰ ਨੇ ਇਸ ਸੰਬੰਧੀ ਪਹਿਲ ਕੀਤੀ ਤਾਂ ਉਹ ਸੂਬਾ ਸਰਕਾਰ ਉੱਤੇ ਪੈਟਰੋ ਵਸਤਾਂ ਦੀਆਂ ਕੀਮਤਾਂ ਘਟਾਉਣ ਲਈ ਦਬਾਅ ਪਾਵੇਗਾ।ਹੁਣ ਕੇਂਦਰ ਵੱਲੋਂ ਪਹਿਲ ਹੋ ਚੁੱਕੀ ਹੈ।ਹੁਣ ਪੰਜਾਬ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਦੀ ਲੋੜ ਹੈ,ਕਿਉਂਕਿ ਇਹ ਉੱਤਰੀ ਭਾਰਤ ਵਿਚ ਇਹਨਾਂ ਦੋਵੇਂ ਪੈਟਰੋ ਵਸਤਾਂ ਉੱਤੇ ਸਭ ਤੋਂ ਵੱਧ ਵੈਟ ਵਸੂਲ ਕਰ ਰਹੀ ਹੈ।ਜੇਕਰ ਇਹ ਅਜਿਹਾ ਨਹੀਂ ਕਰਦੀ ਤਾਂ ਸਾਬਿਤ ਹੋ ਜਾਵੇਗਾ ਕਿ ਕਾਂਗਰਸ ਸਰਕਾਰ ਨਾ ਲੋਕ ਹਿਤੈਸ਼ੀ ਹੈ ਅਤੇ ਨਾ ਹੀ ਕਿਸਾਨ ਹਿਤੈਸ਼ੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਅਜੇ ਤੀਕ ਵੈਟ ਵਿਚ ਕਟੌਤੀ ਨਹੀਂ ਕੀਤੀ ਹੈ , ਜਦਕਿ ਮਹਾਰਾਸ਼ਟਰ, ਗੁਜਰਾਤ ਅਤੇ ਤ੍ਰਿਪੁਰਾ ਦੀਆਂ ਸਰਕਾਰਾਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ ਹੈ।ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਰਾਜਸਥਾਨ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ ਲੋਕਾਂ ਨੂੰ ਰਾਹਤ ਦੇਣ ਵਾਸਤੇ ਪੈਟਰੋ ਵਸਤਾਂ ਉੱਤੇ ਵੈਟ ਵਿਚ ਕਟੌਤੀ ਕਰ ਚੁੱਕੇ ਹਨ।ਪੰਜਾਬ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਵੈਟ ਵਸੂਲ ਰਿਹਾ ਹੈ, ਇਸ ਲਈ ਇਸ ਨੂੰ ਲੋਕਾਂ ਨੂੰ ਢੁੱਕਵੀਂ ਰਾਹਤ ਦੇਣੀ ਚਾਹੀਦੀ ਹੈ।

ਸ.ਬਾਦਲ ਨੇ ਕਿਹਾ ਕਿ ਇਸ ਦੇ ਨਾਲ ਹੀ ਕਾਂਗਰਸ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਸੰਬੰਧੀ ਵਿਧਾਨ ਸਭਾ ਵਿਚ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਅਕਾਲੀ ਦਲ ਨਾ ਸਿਰਫ ਇਸ ਮਤੇ ਦਾ ਸਮਰਥਨ ਕਰੇਗਾ, ਸਗੋਂ ਕਾਂਗਰਸ ਅਤੇ ਪੰਜਾਬ ਦੀਆਂ ਹੋਰ ਪਾਰਟੀਆਂ ਨਾਲ ਰਲ ਕੇ ਕੇਂਦਰ ਕੋਲ ਇਸ ਨੂੰ ਅਮਲੀ ਜਾਮਾ ਪਹਿਣਾਉਣ ਦੀ ਅਪੀਲ ਵੀ ਕਰੇਗਾ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਮੁੱਦੇ ਉੱਤੇ ਤੁਰੰਤ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਹੁਣ ਸੁੱਕੀ ਹਮਦਰਦੀ ਨਾਲ ਕੰਮ ਨਹੀਂ ਚੱਲੇਗਾ।ਸਰਕਾਰ ਨੂੰ ਬਿਨਾ ਦੇਰੀ ਕੀਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਜਾਂ ਫਿਰ ਲੋਕ-ਵਿਰੋਧੀ ਅਤੇ ਕਿਸਾਨ-ਵਿਰੋਧੀ ਸੱਦੇ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ।

-PTCNews

Related Post