ਹਾਕਮਧਿਰ ਨੇ ਜਾਣ ਬੁੱਝ ਕੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ: ਅਕਾਲੀ ਦਲ

By  Jashan A December 21st 2018 06:25 PM

ਹਾਕਮਧਿਰ ਨੇ ਜਾਣ ਬੁੱਝ ਕੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ: ਅਕਾਲੀ ਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਪੰਚਾਇਤੀ ਚੋਣ ਪ੍ਰਕਿਰਿਆ ਦੀ ਸ਼ਰੇਆਮ ਉਲੰਘਣਾ ਕਰਦਿਆਂ ਕਾਂਗਰਸ ਸਰਕਾਰ ਨੇ ਸੂਬੇ ਅੰਦਰ ਸਰਪੰਚ ਅਤੇ ਪੰਚਾਂ ਦੀ ਚੋਣ ਲੜਣ ਵਾਸਤੇ ਮੈਦਾਨ ਵਿਚ ਆਏ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਹਨ। ਇਸ ਕੰਮ ਵਾਸਤੇ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੱਬ ਕੇ ਦੁਰਵਰਤੋਂ ਕੀਤੀ ਗਈ ਹੈ।

ਇਸ ਸੰਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੱਡੀ ਗਿਣਤੀ ਵਿਚ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਲਈ ਕਾਂਗਰਸ ਪਾਰਟੀ ਦੇ ਗੈਰਲੋਕਤੰਤਰੀ ਅਤੇ ਆਪਹੁਦਰੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਸੰਬੰਧੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜ਼ੀਰਾ, ਗੁਰੂ ਹਰਸਹਾਇ ਅਤੇ ਫਿਰੋਜ਼ਪੁਰ ਵਿਚ ਅਕਾਲੀ ਉਮੀਦਵਾਰਾਂ ਨੂੰ ਕਾਗਜ਼ ਹੀ ਦਾਖ਼ਥਲ ਨਹੀਂ ਕਰਨ ਦਿੱਤੇ ਗਏ।

ਕਾਂਗਰਸ ਦੇ ਕਮਜ਼ੋਰ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਚੋਣ ਨਿਯਮਾਂ ਦੀ ਸ਼ਰੇਆਮ ਇਸ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ ਕਿ ਇਕੱਲੇ ਗੁਰਦਾਸਪੁਰ ਹਲਕੇ ਅੰਦਰ ਹੀ ਕਾਦੀਆਂ, ਫਤਿਹਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਵਿਚ ਸਾਰੇ ਹੀ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਡਾਕਟਰ ਚੀਮਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਰੇਆਮ ਲੋਕਤੰਤਰ ਦਾ ਕਤਲ ਹੈ, ਕਿਉਂਕਿ ਅਸਲੀ ਲੋਕਤੰਤਰੀ ਭਾਵਨਾ ਪੰਚਾਇਤੀ ਚੋਣਾਂ ਤੋਂ ਹੀ ਸ਼ੁਰੂ ਹੁੰਦੀ ਹੈ। ਕਾਂਗਰਸ ਪਾਰਟੀ ਨੇ ਲੋਕਤੰਤਰੀ ਪ੍ਰਕਿਰਿਆ ਦੀ ਉਲੰਘਣਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

ਹੋਰ ਪੜ੍ਹੋ:ਸਚਿਨ ਤੇਂਦੁਲਕਰ ਪਹੁੰਚੇ ਅੰਮ੍ਰਿਤਸਰ (ਤਸਵੀਰਾਂ)

ਉਹਨਾਂ ਦੱਸਿਆ ਕਿ ਖੇਮਕਰਨ ਵਿਚ ਅਕਾਲੀ ਉਮੀਦਵਾਰਾਂ ਲਈ ਸਰਪੰਚ ਅਤੇ ਪੰਚਾਂ ਦੀ ਚੋਣ ਲੜਣ ਵਾਸਤੇ ਨਾਮਜ਼ਦਗੀ ਕਾਗਜ਼ ਹੀ ਦਾਖ਼ਲ ਨਹੀਂ ਕਰਨ ਦਿੱਤੇ ਗਏ। ਉਹਨਾਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਲਾਭ ਪਹੁੰਚਾਉਣ ਲਈ ਅਕਾਲੀ ਉਮੀਦਵਾਰਾਂ ਦੇ 25 ਫੀਸਦੀ ਕਾਗਜ਼ ਰੱਦ ਕਰ ਦਿੱਤੇ ਗਏ। ਉਹਨਾਂ ਦੱਸਿਆ ਕਿ ਜਿੱਥੇ ਵੀ ਅਕਾਲੀ ਦਲ ਮਜ਼ਬੂਤ ਸੀ, ਕਾਂਗਰਸੀ ਹਾਕਮਾਂ ਨੇ ਜਿੱਤਣਯੋਗ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਲਈ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ।

ਡਾਕਟਰ ਚੀਮਾ ਨੇ ਦੱਸਿਆ ਕਿ ਇਕੱਲੇ ਪੱਟੀ ਇਲਾਕੇ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣ ਲਈ 90 ਫੀਸਦੀ ਕਾਗਜ਼ ਰੱਦ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਲੋਕਤੰਤਰ ਨਹੀਂ ਹੈ, ਇਹ ਤਾਂ ਨਿਰਾ ਵਿਖਾਵਾ ਹੈ। ਸਾਡੀ ਪਾਰਟੀ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਗੈਰਕਾਨੂੰਨੀ ਢੰਗ ਨਾਲ ਰੱਦ ਕਰਨ ਲਈ ਸੂਬਾ ਸਰਕਾਰ ਦੀ ਸਖ਼ਤ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਿੰਡਾਂ ਵਿਚ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ।

ਹੋਰ ਪੜ੍ਹੋ:ਸਿੱਖ ਇਤਿਹਾਸ ਨਾਲ ਹੋਈ ਛੇੜਛਾੜ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ‘ਚ ਕਾਂਗਰਸ ਖਿਲਾਫ਼ ਰੋਸ ਪ੍ਰਦਰਸ਼ਨ

ਇਹੀ ਕਾਰਣ ਹੈ ਕਿ ਕਾਂਗਰਸ ਪਾਰਟੀ ਵੱਲੋਂ ਆਪਣੀ ਇੱਜ਼ਤ ਬਚਾਉਣ ਲਈ ਗਲਤ ਹਥਕੰਡੇ ਅਪਣਾਏ ਜਾ ਰਹੇ ਹਨ।ਅਕਾਲੀ ਆਗੂ ਨੇ ਕਿਹਾ ਪਰੰਤੂ ਸਾਨੂੰ ਭਰੋਸਾ ਹੈ ਕਿ ਅਸੀਂ ਕਾਂਗਰਸ ਨੂੰ ਮੂੰਹ ਤੋੜਵਾਂ ਜੁਆਬ ਦੇਵਾਂਗੇ। ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ, ਜਿਹੜੀ ਹਾਕਮਾਂ ਅੱਗੇ ਕਦੇ ਵੀ ਨਹੀਂ ਝੁਕੀ ਹੈ। ਜਦੋਂ ਲੋਕਤੰਤਰੀ ਭਾਵਨਾ ਨੂੰ ਬਚਾਉਣ ਦਾ ਸੁਆਲ ਆਉਂਦਾ ਹੈ ਤਾਂ ਅਸੀਂ ਬਹਾਦਰ ਸਿਪਾਹੀਆਂ ਵਾਂਗ ਡਟ ਕੇ ਮੁਕਾਬਲਾ ਕਰਦੇ ਹਾਂ।

-PTC News

Related Post