Coronavirus:ਇਟਲੀ ਤੋਂ ਪਰਤੇ ਵਿਅਕਤੀ ਦੀ ਬੰਗਾ ਹਸਪਤਾਲ ਵਿਖੇ ਸ਼ੱਕੀ ਹਾਲਾਤਾਂ 'ਚ ਮੌਤ,ਕਈ ਦਿਨਾਂ ਤੋਂ ਸੀ ਬਿਮਾਰ

By  Shanker Badra March 18th 2020 03:32 PM

Coronavirus:ਇਟਲੀ ਤੋਂ ਪਰਤੇ ਵਿਅਕਤੀ ਦੀ ਬੰਗਾ ਹਸਪਤਾਲ ਵਿਖੇ ਸ਼ੱਕੀ ਹਾਲਾਤਾਂ 'ਚ ਮੌਤ,ਕਈ ਦਿਨਾਂ ਤੋਂ ਸੀ ਬਿਮਾਰ:ਨਵਾਂਸ਼ਹਿਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਨਵਾਂਸ਼ਹਿਰ ਦੇ ਬੰਗਾ ਸਥਿਤ ਸਿਵਲ ਹਸਪਤਾਲ 'ਚ ਇਟਲੀ ਤੋਂ ਪਰਤੇ ਇਕ 70 ਸਾਲਾ ਬਜ਼ੁਰਗ ਦੀ ਮੰਗਲਵਾਰ ਰਾਤ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਬਲਦੇਵ ਸਿੰਘ ਆਪਣੇ ਦੋ ਹੋਰਨਾਂ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਇਟਲੀ ਗਿਆ ਸੀ। ਇਹ ਲੋਕ ਵਿਦੇਸ਼ 'ਚ ਵੀ ਪਾਠ ਕਰਨ ਜਾਂਦੇ ਸਨ। ਇਟਲੀ ਤੋਂ ਵਾਪਸੀ ਮਗਰੋਂ ਉਹ ਬਿਮਾਰ ਹੋਇਆ ਸੀ, ਜਿਸ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਜਿੱਥੇ ਬਜ਼ੁਰਗ ਦੀ ਮੰਗਲਵਾਰ ਰਾਤ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ।

ਇਸ ਦੌਰਾਨ ਇਟਲੀ ਤੋਂ ਪਰਤੇ ਹੋਣ ਕਾਰਨ ਵਿਅਕਤੀ ਦੀ ਮੌਤ 'ਤੇ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਸਿਹਤ ਅਧਿਕਾਰੀਆਂ ਅਨੁਸਾਰ ਬਲਦੇਵ ਸਿੰਘ ਨੂੰ ਦੌਰਾ ਪਿਆ ਹੈ। ਮ੍ਰਿਤਕ ਨੂੰ ਕੋਰੋਨਾ ਵਾਇਰਸ ਹੋਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਉਸ ਦੇ ਖੂਨ ਦੇ ਸੈਂਪਲ ਚੰਡੀਗੜ੍ਹ ਭੇਜੇ ਗਏ ਹਨ, ਇਸ ਦੀ ਪੁਸ਼ਟੀ ਰਿਪੋਰਟ ਆਉਣ ਉਪਰੰਤ ਹੀ ਹੋਵੇਗੀ।

ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 198,718 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 7,989 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ 147 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਕੋਰੋਨਾ ਵਾਇਰਸ ਦੇ ਕੁੱਲ 31,506 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਕੁਲ ਗਿਣਤੀ 2,503 ਹੋ ਗਈ ਹੈ।

-PTCNews

Related Post