Coronavirus: ਈਰਾਨ ਤੋਂ ਕੱਢ ਕੇ ਲਿਆਂਦੇ 53 ਭਾਰਤੀ, ਸਵੇਰੇ ਜੈਸਲੇਮਰ ਹਵਾਈ ਅੱਡੇ 'ਤੇ ਉਤਰੇ

By  Shanker Badra March 16th 2020 01:24 PM -- Updated: March 16th 2020 01:29 PM

Coronavirus: ਈਰਾਨ ਤੋਂ ਕੱਢ ਕੇ ਲਿਆਂਦੇ 53 ਭਾਰਤੀ, ਸਵੇਰੇ ਜੈਸਲੇਮਰ ਹਵਾਈ ਅੱਡੇ 'ਤੇ ਉਤਰੇ:ਜੈਪੁਰ :  ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆ ਭਰ ਵਿੱਚ ਡਰ ਦਾ ਮਾਹੌਲ ਹੈ। ਵਿਦੇਸ਼ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਕੰਮ ਲਗਾਤਾਰ ਜਾਰੀ ਹੈ।

ਅੱਜ ਸਵੇਰੇ ਕੋਰੋਨਾ ਵਾਇਰਸ ਦੇ ਚੱਲਦਿਆਂ 53 ਭਾਰਤੀਆਂ ਨੂੰ ਈਰਾਨ ਤੋਂ ਭਾਰਤ ਲਿਆਂਦਾ ਗਿਆ ਹੈ। ਈਰਾਨ ਦੇ ਤਹਿਰਾਨ ਅਤੇ ਸ਼ਿਰਾਜ ਸ਼ਹਿਰਾਂ ਤੋਂ ਕੱਢ ਕੇ ਲਿਆਂਦੇ 53 ਭਾਰਤੀ ਅੱਜ ਜੈਸਲਮੇਰ ਹਵਾਈ ਅੱਡੇ ਪਹੁੰਚ ਗਏ ਹਨ। ਇਸ ਦੌਰਾਨ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਤੰਦਰੁਸਤੀ ਕੇਂਦਰ ਭੇਜ ਦਿੱਤਾ ਗਿਆ ਹੈ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ 53 ਭਾਰਤੀਆਂ ਦੇ ਚੌਥੇ ਬੈਚ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਉੱਥੋਂ ਦੇ ਇੱਕ ਸ਼ਹਿਰ ਸ਼ੀਰਾਜ਼ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। 53 ਯਾਤਰੀ ਅੱਜ ਸਵੇਰੇ 6 ਕੁ ਵਜੇ ਰਾਜਸਥਾਨ ਦੇ ਜੈਸਲਮੇਰ ਹਵਾਈ ਅੱਡੇ ਉੱਤੇ ਉੱਤਰੇ ਹਨ।

ਇਨ੍ਹਾਂ ਸਾਰੇ ਭਾਰਤੀਆਂ ਨੂੰ ਏਅਰ ਇੰਡੀਆ ਦਾ ਹਵਾਈ ਜਹਾਜ਼ ਵਤਨ ਵਾਪਸ ਲੈ ਕੇ ਆਇਆ ਹੈ। ਹੁਣ ਤੱਕ ਕੁੱਲ 389 ਭਾਰਤੀ ਈਰਾਨ ਤੋਂ ਵਾਪਸ ਲਿਆਂਦੇ ਜਾ ਚੁੱਕੇ ਹਨ। ਇਸ ਲਈ ਜੈਸ਼ੰਕਰ ਨੇ ਈਰਾਨ ਸਥਿਤ ਭਾਰਤੀ ਦੂਤਾਵਾਸ ਤੇ ਈਰਾਨੀ ਪ੍ਰਸ਼ਾਸਨ ਦਾ ਸ਼ੁਕਰੀਆ ਅਦਾ ਕੀਤਾ ਹੈ।

ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 169,610 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 6,518 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ 110 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 1,809 ਹੋ ਗਈ ਹੈ।

-PTCNews

Related Post