ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੱਡਾ ਬਿਆਨ : ਲੈਬ 'ਚ ਤਿਆਰ ਹੋਇਆ ਕੋਰੋਨਾ, ਇਹ ਕੁਦਰਤੀ ਵਾਇਰਸ ਨਹੀਂ

By  Shanker Badra May 14th 2020 11:37 AM

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੱਡਾ ਬਿਆਨ : ਲੈਬ 'ਚ ਤਿਆਰ ਹੋਇਆ ਕੋਰੋਨਾ, ਇਹ ਕੁਦਰਤੀ ਵਾਇਰਸ ਨਹੀਂ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਪੈਰ ਪਸਾਰਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਮਰੀਕਾ ਲਗਾਤਾਰ ਕਹਿ ਰਿਹਾ ਹੈ ਕਿ ਕੋਰੋਨਾ ਵਾਇਰਸ ਕੁਦਰਤੀ ਨਹੀਂ ਹੈ, ਸਗੋਂ ਇਹ ਵੁਹਾਨ ਸ਼ਹਿਰ ਦੀ ਲੈਬ ਤੋਂ ਆਇਆ ਹੈ। ਹੁਣ ਮੋਦੀ ਸਰਕਾਰ ਦੇ ਮੰਤਰੀ ਨੇ ਵੀ ਮੰਨ ਲਿਆ ਹੈ ਕਿ ਵਾਇਰਸ ਲੈਬ ਤੋਂ ਹੀ ਫੈਲਿਆ ਹੈ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਇਹ ਵਾਇਰਸ ਕੁਦਰਤੀ ਨਹੀਂ ਹੈ, ਸਗੋਂ ਇਸ ਨੂੰ ਲੈਬ ਵਿੱਚ ਤਿਆਰ ਕੀਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਇਸ ਸਮੇਂ ਸਾਰਾ ਦੇਸ਼ ਕੋਰੋਨਾ ਨਾਲ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਭਾਰਤ ਅਮਰੀਕਾ, ਬ੍ਰਿਟੇਨ ਅਤੇ ਇਟਲੀ ਵਰਗੇ ਦੇਸ਼ਾਂ ਨਾਲੋਂ ਬੇਹਤਰ ਸਥਿਤੀ ਵਿੱਚ ਹੈ।

ਉਨ੍ਹਾਂ ਕਿਹਾ ਕਿ ਭਾਰਤ ਇੱਕ ਗਰੀਬ ਦੇਸ਼ ਹੈ , ਜਿਸ ਕਾਰਨ ਹਰ ਮਹੀਨੇ ਲਾਕ ਡਾਊਨ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਜੀਣਾ ਸਿੱਖਣਾ ਹੋਵੇਗਾ ਅਤੇ ਉਸਦੇ ਨਾਲ ਕੁੱਝ ਦਿਨਾਂ ਤੱਕ ਚੱਲਣਾ ਹੋਵੇਗਾ ,ਕਿਉਂਕਿ ਇਹ ਕੁਦਰਤੀ ਵਾਇਰਸ ਨਹੀਂ ਹੈ, ਇਹ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਹੈ।

ਨਿਤੀਨ ਗਡਕਰੀ ਨੇ ਕਿਹਾ ਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਜੇਕਰ ਇਹ ਕੁਦਰਤੀ ਵਾਇਰਸ ਹੁੰਦਾ ਤਾਂ ਵਿਗਿਆਨੀਆਂ ਨੂੰ ਇਸ ਦੇ ਬਾਰੇ ਪਤਾ ਹੁੰਦਾ, ਇਹ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਵਾਇਰਸ ਹੈ । ਹੁਣ ਇਸ ਦਾ ਹੱਲ ਨਹੀਂ ਹੈ ਇਸ ਦੀ ਵੈਕਸੀਨ ਨਹੀਂ ਹੈ। ਦੁਨੀਆ ਚ ਇਸ ਨੂੰ ਲੈ ਕੇ ਕੰਮ ਹੋ ਰਿਹਾ ਹੈ, ਜੋ ਮੇਰੀ ਜਾਣਕਾਰੀ ਹੈ ਦੋ-ਚਾਰ ਪੰਜ ਦਿਨ ਵਿੱਚ ਇਸ ਦੀ ਵੈਕਸੀਨ ਮਿਲ ਜਾਵੇਗੀ।

-PTCNews

Related Post