ਅਨਾਜ ਮੰਡੀਆਂ ਵਿੱਚ ਆਉਣ ਵਾਲੇ ਹਰ ਸ਼ਖ਼ਸ ਦੀ ਹੋਵੇਗੀ ਸਕ੍ਰੀਨਿੰਗ, ਸਿਹਤ ਵਿਭਾਗ ਨੂੰ ਜਾਵੇਗੀ ਰਿਪੋਰਟ

By  Panesar Harinder April 15th 2020 03:23 PM -- Updated: April 15th 2020 03:24 PM

ਫ਼ਰੀਦਕੋਟ - "ਆਈ ਵਿਸਾਖੀ ਮੁੱਕੀ ਕਣਕਾਂ ਦੀ ਰਾਖੀ" ਵਾਲੀ ਗੱਲ ਸੱਚ ਸਾਬਤ ਹੋ ਰਹੀ ਹੈ ਅਤੇ ਪੰਜਾਬ ਦੇ ਅਨੇਕਾਂ ਹਿੱਸਿਆਂ ਦੀ ਤਰ੍ਹਾਂ ਫ਼ਰੀਦਕੋਟ ਦੀ ਅਨਾਜ ਮੰਡੀ ਵਿੱਚ ਵੀ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਅਤੇ ਭੀੜ ਵਧਣ ਦੇ ਖ਼ਦਸ਼ਿਆਂ ਨੂੰ ਦੇਖਦੇ ਹੋਏ, ਦਾਣਾ ਮੰਡੀ ਵਿੱਚ ਸਿਹਤ ਦੀ ਜਾਂਚ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।

ਮੰਡੀ ਵਿੱਚ ਇਹ ਜਾਂਚ ਇਸ ਨਾਲ ਜੁੜੇ ਸਾਰੇ ਲੋਕਾਂ ਲਈ ਹੈ, ਭਾਵੇਂ ਉਹ ਕਿਸਾਨ ਹੋਵੇ, ਆੜ੍ਹਤੀਆ ਹੋਵੇ ਅਤੇ ਚਾਹੇ ਕੋਈ ਮਜ਼ਦੂਰ। ਸਭ ਦਾ ਸਰੀਰਕ ਤਾਪਮਾਨ ਚੈਕ ਹੋਵੇਗਾ, ਲੋੜੀਂਦੀ ਜਾਂਚ ਹੋਵੇਗੀ ਅਤੇ ਜਿਸ ਕਿਸੇ ਵਿੱਚ ਵੀ ਕਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਣਗੇ, ਉਸ ਦੀ ਵਿਸਥਾਰਤ ਜਾਂਚ ਸਿਵਲ ਹਸਪਤਾਲ ਵਿਖੇ ਕੀਤੇ ਜਾਣ ਤੋਂ ਬਾਅਦ ਹੀ ਉਸ ਨੂੰ ਮੰਡੀ ਵਿਚ ਜਾਣ ਦੀ ਆਗਿਆ ਮਿਲੇਗੀ। ਡਾਕਟਰ ਅਤੇ ਸਹਿਯੋਗੀ ਅੱਜ ਦਾਣਾ ਮੰਡੀ ਫ਼ਰੀਦਕੋਟ ਵਿਖੇ ਪਹੁੰਚੇ ਦਿਖਾਈ ਦਿੱਤੇ ਤੇ ਉਨ੍ਹਾਂ ਦੱਸਿਆ ਕਿ ਇਸ ਬਾਰੇ ਸਿਹਤ ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਜਾਂਚ ਦਾ ਸਾਰਾ ਰਿਕਾਰਡ ਸਿਹਤ ਵਿਭਾਗ ਦੀ ਜਾਣਕਾਰੀ ਵਿੱਚ ਹੋਵੇਗਾ।

ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਤੇ ਇਸ ਤੋਂ ਬਚਾਅ ਲਈ ਲੱਗੇ ਦੇਸ਼-ਵਿਆਪੀ ਲੌਕਡਾਊਨ ਕਾਰਨ ਇਸ ਵਾਰ ਕਣਕ ਦੀ ਫ਼ਸਲ ਨਾਲ ਜੁੜੀਆਂ ਵਾਢੀ, ਖ਼ਰੀਦ ਅਤੇ ਹੋਰ ਪ੍ਰੀਕਿਰਿਆਵਾਂ ਆਮ ਨਾਲੋਂ ਵੱਖਰੀਆਂ ਹਨ ਅਤੇ ਹਰ ਪੱਖ ਤੋਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਕੋਰੋਨਾ ਨੂੰ ਫ਼ੈਲਣ ਤੋਂ ਜਿੰਨਾ ਰੋਕਿਆ ਜਾ ਸਕੇ, ਓਨੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਸਰਕਾਰ, ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸਿਆਸੀ ਜਗਤ ਸਭ ਪਾਸਿਓਂ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਰਹਿਣ ਲਈ ਵੱਧ ਤੋਂ ਵੱਧ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

Related Post