ਜਲੰਧਰ 'ਚ ਕੋਰੋਨਾ ਦੀ ਭੇਂਟ ਚੜੇ ਨੌਜਵਾਨ ਦਾ ਹੋਇਆ ਅੰਤਿਮ ਸਸਕਾਰ , ਕੱਲ PGI 'ਚ ਹੋਈ ਸੀ ਮੌਤ

By  Shanker Badra May 7th 2020 01:03 PM

ਜਲੰਧਰ 'ਚ ਕੋਰੋਨਾ ਦੀ ਭੇਂਟ ਚੜੇ ਨੌਜਵਾਨ ਦਾ ਹੋਇਆ ਅੰਤਿਮ ਸਸਕਾਰ , ਕੱਲ PGI 'ਚ ਹੋਈ ਸੀ ਮੌਤ:ਜਲੰਧਰ : ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਲੰਧਰ 'ਚ ਕੋਰੋਨਾ ਦੀ ਭੇਂਟ ਚੜੇ ਨੌਜਵਾਨ ਦਾ ਅੱਜ ਹਰਨਾਮਦਾਸ ਪੁਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸ਼ਹਿਰ ਦੇ ਕਾਜ਼ੀ ਮੁਹੱਲਾ ਵਾਸੀ ਮਰੀਜ਼ ਨਰੇਸ਼ ਚਾਵਲਾ (29) ਦੀ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਨਰੇਸ਼ ਚਾਵਲਾ ਉਥੇ ਕਿਡਨੀਆਂ ਦੀ ਬਿਮਾਰੀ ਦਾ ਇਲਾਜ ਕਰਵਾਉਣ ਗਿਆ ਸੀ। ਉਥੇ ਹੀ ਉਸ ਦੇ ਸੈਂਪਲ ਲੈ ਕੇ ਕਰਵਾਈ ਗਈ ਜਾਂਚ ਦੌਰਾਨ ਉਹ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ।

ਦੱਸਣਯੋਗ ਹੈ ਕਿ ਕੋਰੋਨਾ ਨਾਲ ਪੀੜਤ ਸ਼ਹਿਰ ਦੇ ਮਰੀਜ਼ ਦੀ ਪੀਜੀਆਈ ਚੰਡੀਗੜ੍ਹ 'ਚ ਮੌਤ ਹੋਣ ਨਾਲ ਜ਼ਿਲ੍ਹੇ 'ਚ ਇਸ ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 137 'ਤੇ ਪੁੱਜ ਗਈ ਹੈ ,ਜਿਨ੍ਹਾਂ 'ਚ ਇੱਕ ਪਟਿਆਲਾ ਅਤੇ 3 ਅੰਮ੍ਰਿਤਸਰ ਤੋਂ ਮਰੀਜ਼ ਇਥੇ ਦਾਖ਼ਲ ਹਨ। ਇਸ ਦੇ ਨਾਲ ਹੀ 12 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ।

ਦੱਸ ਦੇਈਏ ਕਿ ਬੁੱਧਵਾਰ ਨੂੰ ਕੋਰੋਨਾ ਦੇ 135 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ, ਇਨ੍ਹਾਂ 'ਚੋਂ 122 ਸ਼ਰਧਾਲੂ ਹਨ। ਪੰਜਾਬ 'ਚ ਹੁਣ ਕੋਰੋਨਾ ਪੀੜਤ ਲੋਕਾਂ ਦੀ ਕੁੱਲ ਗਿਣਤੀ 1627 ਪਹੁੰਚ ਗਈ ਹੈ। ਇਨ੍ਹਾਂ 'ਚ 1076 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਇਕ ਹਫ਼ਤੇ 'ਚ 1250 ਕੇਸ ਆ ਚੁੱਕੇ ਹਨ। ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ ਕਾਰਨ 2 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 27 ਪਹੁੰਚ ਗਈ ਹੈ।

-PTCNews

Related Post