ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਖਬੀਰ ਬਾਦਲ ਵੱਲੋਂ ਵਿਸਾਖੀ ਤੱਕ ਸਾਰੀਆਂ ਪਾਰਟੀ ਰੈਲੀਆਂ ਰੱਦ

By  Shanker Badra March 12th 2020 05:08 PM -- Updated: March 12th 2020 05:10 PM

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਖਬੀਰ ਬਾਦਲ ਵੱਲੋਂ ਵਿਸਾਖੀ ਤੱਕ ਸਾਰੀਆਂ ਪਾਰਟੀ ਰੈਲੀਆਂ ਰੱਦ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਵਜੋਂ ਵਿਸਾਖੀ ਯਾਨੀ (13 ਅਪ੍ਰੈਲ) ਤੱਕ ਸਾਰੀਆਂ ਪਾਰਟੀ ਰੈਲੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਨੇ 21 ਮਾਰਚ ਤੱਕ ਹੋਣ ਵਾਲੀਆਂ ਸਾਰੀਆਂ ਪਾਰਟੀ ਰੈਲੀਆਂ ਰੱਦ ਕਰਨ ਦਾ ਐਲਾਨ ਕੀਤਾ ਸੀ। ਹੁਣ ਮਾਹਿਰਾਂ ਵੱਲੋਂ ਦਿੱਤੀ ਰਾਇ ਕਿ ਵੱਡੇ ਇਕੱਠਾਂ ਤੋਂ ਹਰ ਹਾਲਤ ਵਿਚ ਬਚਣਾ ਚਾਹੀਦਾ ਹੈ, ਨੂੰ ਧਿਆਨ ਵਿਚ ਰੱਖਦਿਆਂ 13 ਅਪ੍ਰੈਲ ਤੱਕ ਪਾਰਟੀਆਂ ਦੀਆਂ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵੱਲੋਂ 13 ਅਪ੍ਰੈਲ ਤੋਂ ਬਾਅਦ ਕੋਰੋਨਾ ਵਾਇਰਸ ਦੇ ਖਤਰੇ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ 'ਰੋਸ ਰੈਲੀਆਂ' ਦੀ ਨਵੀਂ ਸਮਾਂ-ਸੂਚੀ ਜਾਰੀ ਕੀਤੀ ਜਾਵੇਗੀ। ਇਹ ਰੈਲੀਆਂ ਕਾਂਗਰਸ ਪਾਰਟੀ ਵੱਲੋਂ ਚੋਣ ਵਾਅਦਿਆਂ ਉੱਤੇ ਲੋਕਾਂ ਨਾਲ ਕੀਤੇ ਵਿਸਵਾਸ਼ਘਾਤ ਅਤੇ ਕਾਂਗਰਸ ਸਰਕਾਰ ਦੀ ਹਰ ਮੋਰਚੇ ਉੱਤੇ ਨਾਕਾਮੀ ਖਿਲਾਫ ਜਨਤਾ ਨੂੰ ਲਾਮਬੰਦ ਕਰਨ ਲਈ ਕੀਤੀਆਂ ਜਾ ਰਹੀਆਂ ਸਨ।

ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ ਦਲ ਨੇ ਅਗਲੇ ਇੱਕ ਹਫ਼ਤੇ ਦੌਰਾਨ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਣ ਵਾਲੀਆਂ ਸਾਰੀਆਂ ਪਾਰਟੀ ਮੀਟਿੰਗਾਂ ਨੂੰ ਰੱਦ ਕਰਨ ਦਾ ਵੀ ਨਿਵੇਕਲਾ ਕਦਮ ਚੁੱਕਿਆ ਹੈ। ਅਕਾਲੀ ਦਲ ਪ੍ਰਧਾਨ ਦੀਆਂ ਜ਼ਿਲ੍ਹਾ ਪੱਧਰੀ ਆਗੂਆਂ ਨਾਲ ਇਹ ਮੀਟਿੰਗਾਂ 14,17,18,19 ਅਤੇ 20 ਮਾਰਚ ਨੂੰ ਹੋਣੀਆਂ ਤੈਅ ਸਨ। ਇਹਨਾਂ ਮੀਟਿੰਗਾਂ ਬਾਰੇ ਨਵੀਆਂ ਤਾਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

-PTCNews

Related Post