ਕੋਰੋਨਾ ਦਾ ਕਹਿਰ ਤੇ ਕਣਕ ਦੀ ਵਾਢੀ, 'ਸੋਸ਼ਲ ਡਿਸਟੈਂਸਿੰਗ' ਰੱਖ ਕੇ ਕਣਕ ਵੱਢਦੇ ਦਿਖੇ ਪਰਵਾਸੀ ਮਜ਼ਦੂਰ

By  Panesar Harinder April 14th 2020 12:42 PM

ਕਣਕ ਦੀ ਸੋਨੇ ਰੰਗੀ ਫ਼ਸਲ ਪੰਜਾਬ ਦੇ ਖੇਤਾਂ 'ਚ ਤਿਆਰ ਖੜ੍ਹੀ ਹੈ, ਅਤੇ ਟਾਵੇਂ-ਟਾਵੇਂ ਇਲਾਕਿਆਂ 'ਚ ਇਸ ਦੀ ਵਾਢੀ ਸ਼ੁਰੂ ਹੋਈ ਵੀ ਦਿਖਾਈ ਦੇ ਰਹੀ ਹੈ। ਵਿਸਾਖੀ ਦੇ ਸ਼ੁਭ ਮੌਕੇ 'ਤੇ 13 ਅਪ੍ਰੈਲ ਨੂੰ ਦੋਆਬਾ ਦੇ ਜ਼ਿਲ੍ਹਾ ਕਪੂਰਥਲਾ ਦੇ ਡਡਵਿੰਡੀ ਨੇੜੇ ਕਈ ਕਿਸਾਨਾਂ ਦੇ ਖੇਤਾਂ ਵਿੱਚ ਪਰਵਾਸੀ ਮਜ਼ਦੂਰ ਕਣਕ ਦੀ ਵਾਢੀ ਕਰਦੇ ਨਜ਼ਰ ਆਏ।

ਹਾਲਾਂਕਿ ਕਣਕ ਦੀ ਵਾਢੀ ਅਤੇ ਝੋਨੇ ਦੀ ਬਿਜਾਈ ਨੇੜੇ ਪਰਵਾਸੀ ਮਜ਼ਦੂਰਾਂ ਦਾ ਮਿਲਣਾ ਬਹੁਤ ਵੱਡਾ ਮਸਲਾ ਬਣ ਜਾਂਦਾ ਹੈ, ਅਤੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਸ ਵਾਰ ਦੀ ਇਹ ਵਾਢੀ ਆਮ ਨਾਲੋਂ ਵੱਖਰੀ ਵੀ ਹੈ, ਇਸ ਦੇ ਬਾਵਜੂਦ ਇਨ੍ਹਾਂ ਦਾ ਖੇਤਾਂ ਵਿੱਚ ਫ਼ਸਲ ਦੀ ਵਾਢੀ ਕਰਦੇ ਦਿਖਣਾ ਇਸ ਗੱਲ ਦਾ ਵੀ ਸਬੂਤ ਹੈ ਕਿ ਪੰਜਾਬ 'ਚ ਇਨ੍ਹਾਂ ਦੀਆਂ ਮੰਡਲੀਆਂ ਹਾਜ਼ਰ ਹਨ ਅਤੇ ਇਸ ਗੱਲ ਦਾ ਵੀ ਸਬੂਤ ਹੈ ਕਿ ਤੇਜ਼ ਅਤੇ ਮਸ਼ੀਨਰੀ ਪ੍ਰਧਾਨ ਹੁੰਦੀ ਜਾ ਰਹੀ ਖੇਤੀ ਦੇ ਦੌਰ ਵਿੱਚ ਵੀ ਕਿਸਾਨਾਂ ਨੂੰ ਇਨ੍ਹਾਂ ਕੋਲੋਂ ਵਾਢੀ ਕਰਵਾਉਣਾ ਬਿਹਤਰ ਜਾਪਦਾ ਹੈ।

ਪੁੱਛਣ 'ਤੇ ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਇਹ ਦਿਹਾੜੀ ਦੇ ਹਿਸਾਬ ਨਾਲ ਕਣਕ ਦੀ ਵਾਢੀ ਕਰ ਰਹੇ ਹਨ। ਜਿੱਥੇ ਵਿਸ਼ਵ-ਵਿਆਪੀ ਕੋਰੋਨਾ ਮਹਾਮਾਰੀ ਕਾਰਨ ਹਰ ਪਾਸੇ ਸਮਾਜਿਕ ਦੂਰੀਆਂ, ਸਫ਼ਾਈ ਅਤੇ ਸੈਨਿਟਾਈਜ਼ਰ ਦੀ ਨਿਯਮਿਤ ਵਰਤੋਂ ਰਾਹੀਂ ਸਿਹਤ ਸੁਰੱਖਿਆ ਬਣਾਏ ਰੱਖਣ ਵੱਲ੍ਹ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਇਹ ਮਜ਼ਦੂਰ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਨਜ਼ਰ ਆਏ। ਇਹ ਸਾਰੇ ਆਪਸੀ ਦੂਰੀਆਂ ਬਣਾ ਕੇ ਕੰਮ ਕਰਦੇ ਨਜ਼ਰ ਆਏ।

ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਣਕਾਰੀ ਹੈ ਅਤੇ ਉਹ ਇਹ ਵੀ ਜਾਣਦੇ ਹਨ ਕਿ ਇਹ ਕਿਸ ਕਿਸ ਤਰੀਕੇ ਨਾਲ ਫ਼ੈਲ ਸਕਦਾ ਹੈ ਅਤੇ ਕਿਸ ਕਿਸ ਤਰੀਕੇ ਤੇ ਕਿਹੜੀਆਂ ਸਾਵਧਾਨੀਆਂ ਅਪਨਾਉਣ ਨਾਲ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਰਹੇ ਹਨ ਅਤੇ ਆਪਸੀ ਦੂਰੀਆਂ ਬਣਾਈ ਰੱਖਣ ਦਾ ਯਤਨ ਕਰਦੇ ਹਨ।

ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮਦਦ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਰਕਾਰੀ ਮਦਦ ਥੋੜ੍ਹੀ-ਬਹੁਤ ਹੀ ਪ੍ਰਾਪਤ ਹੋਈ ਹੈ, ਪਰ ਜਿੰਨੀ ਪ੍ਰਾਪਤ ਹੋਈ ਹੈ ਉਸ ਨਾਲ ਗੁਜ਼ਾਰਾ ਨਹੀਂ ਚਲਾਇਆ ਜਾ ਸਕਦਾ। ਹੋਰਨਾਂ ਕੰਮਾਂ-ਕਾਰਾਂ ਦੇ ਠੱਪ ਰਹਿਣ ਨੂੰ ਦੇਖਦੇ ਹੋਏ ਇਸੇ ਕਰਕੇ ਉਹ ਵਾਢੀ ਦੇ ਕੰਮ 'ਤੇ ਜੁਟੇ ਹੋਏ ਹਨ ਤਾਂ ਕਿ ਉਨ੍ਹਾਂ ਨੂੰ ਕੁਝ ਆਮਦਨੀ ਮਿਲਦੀ ਰਹੇ ਅਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਦਾ ਰਹੇ।

Related Post