ਅਦਾਲਤ ਨੇ ਇਸ ਮਾਮਲੇ 'ਚ ਨਵਜੋਤ ਸਿੱਧੂ ਖਿਲਾਫ ਜਾਰੀ ਕੀਤਾ ਵਾਰੰਟ

By  Jasmeet Singh October 18th 2022 08:52 PM

ਚੰਡੀਗੜ੍ਹ, 18 ਅਕਤੂਬਰ: ਸੀ.ਐਲ.ਯੂ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਗਵਾਹ ਵਜੋਂ ਅਦਾਲਤ ਵਿੱਚ ਪੇਸ਼ ਕਰਨ ਲਈ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਨਵਜੋਤ ਸਿੱਧੂ ਨੂੰ 21 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਮਾਮਲੇ ਦੀ ਜਾਂਚ ਅੱਗੇ ਵਧ ਸਕੇ। ਇਸ ਬਾਬਤ ਅਦਾਲਤ ਨੇ ਸਿੱਧੂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ CLU ਮਾਮਲੇ 'ਚ ਗਵਾਹ ਵਜੋਂ ਅਦਾਲਤ 'ਚ ਤਲਬ ਕੀਤਾ ਗਿਆ ਹੈ। ਇਸੇ ਮਾਮਲੇ ਦੀ ਸੁਣਵਾਈ ਦੌਰਾਨ ਸਿੱਧੂ ਨੂੰ 21 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਵਾਰੰਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸਥਾਨਕ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਨੂੰ ਅਦਾਲਤ 'ਚ ਪੇਸ਼ ਨਾ ਕਰਨ 'ਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।

ਇਹ ਹੈ ਪੂਰਾ ਮਾਮਲਾ

ਚਾਰ ਸਾਲ ਪਹਿਲਾਂ ਆਰ.ਟੀ.ਆਈ. ਕਾਰਕੁੰਨ ਕੁਲਦੀਪ ਖਹਿਰਾ ਨੇ ਗਿੱਲ ਰੋਡ 'ਤੇ ਇਕ ਗਰੁੱਪ ਹਾਊਸਿੰਗ ਪ੍ਰੋਜੈਕਟ ਦੇ ਨਿਰਮਾਣ 'ਤੇ ਸਵਾਲ ਚੁੱਕਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਤੋਂ ਬਾਅਦ ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਾਮਲੇ ਦੀ ਜਾਂਚ ਡੀਐਸਪੀ ਬਲਵਿੰਦਰ ਸੇਖੋਂ ਨੂੰ ਸੌਂਪੀ ਸੀ। ਸੇਖੋਂ ਨੇ ਰਿਪੋਰਟ ਤਿਆਰ ਕੀਤੀ ਜੋ ਮੰਤਰੀ ਸਿੱਧੂ ਨੂੰ ਸੌਂਪੀ ਗਈ। ਇਸ ਦੌਰਾਨ ਆਸ਼ੂ ਅਤੇ ਡੀਐਸਪੀ ਵਿਚਕਾਰ ਫੋਨ ’ਤੇ ਬਹਿਸ ਹੋ ਗਈ। ਜਿਸ ਦੀ ਵੀਡੀਓ ਵਾਇਰਲ ਹੋ ਗਈ ਅਤੇ ਸੇਖੋਂ ਨੂੰ ਨਗਰ ਨਿਗਮ ਦੇ ਅਹੁਦੇ ਤੋਂ ਹਟਾ ਕੇ ਕਮਾਂਡੋ ਤਾਇਨਾਤ ਕਰ ਦਿੱਤਾ ਗਿਆ। ਬਾਅਦ ਵਿੱਚ ਬਰਖਾਸਤ ਕੀਤੇ ਗਏ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਜਨਵਰੀ 2020 ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁੱਧ ਗ੍ਰੈਂਡ ਮੈਨੋਰ ਹੋਮਸ ਸੀਐਲਯੂ ਕੇਸ ਦੀ ਜਾਂਚ ਨਾਲ ਸਬੰਧਤ ਛੇੜਖਾਨੀ ਅਤੇ ਅਪਰਾਧਿਕ ਧਮਕੀਆਂ ਦੇ ਦੋਸ਼ ਲਾਉਂਦਿਆਂ ਅਦਾਲਤ ਵਿੱਚ ਦਰਖਾਸਤ ਦਿੱਤੀ ਸੀ। ਸੇਖੋਂ ਨੇ ਪੁਲਿਸ ਕੋਲ ਕੰਮ ’ਤੇ ਇੱਕ ਸਰਕਾਰੀ ਮੁਲਾਜ਼ਮ ਨੂੰ ਡਰਾਉਣ, ਅੜਿੱਕਾ ਪਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਸੀ। ਇਸ ਦੀ ਸੁਣਵਾਈ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਮਿਤ ਮੱਕੜ ਦੀ ਅਦਾਲਤ ਵਿੱਚ ਚੱਲ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਆਸ਼ੂ 'ਤੇ ਹਾਊਸਿੰਗ ਪ੍ਰਾਜੈਕਟ ਦੇ ਸੀਐਲਯੂ ਮਾਮਲੇ ਦੌਰਾਨ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਹੈ।

ਇਹ ਵੀ ਪੜ੍ਹੋ: ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੇ ਰੱਖਿਆ ਮੌਨ ਵਰਤ

ਹੁਣ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਹੈ ਕਿ ਸੇਖੋਂ ਵੱਲੋਂ ਪੇਸ਼ ਕੀਤੀ ਗਈ ਫਾਈਲ ਗਾਇਬ ਹੋ ਗਈ ਹੈ। ਇਸ ਸਬੰਧੀ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਨੂੰ ਸਾਬਤ ਕਰਨ ਲਈ ਉਸ ਸਮੇਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੀਤੇ ਅਗਸਤ ਦੇ ਆਖ਼ਰੀ ਹਫ਼ਤੇ ਗਵਾਹ ਵਜੋਂ ਬੁਲਾਇਆ ਗਿਆ ਸੀ ਤਾਂ ਜੋ ਇਸ ਦੀ ਤਸਦੀਕ ਹੋ ਸਕੇ। ਇਸ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਵਕੀਲ ਵਲੋਂ ਇਸ ਦੇ ਖਿਲਾਫ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਸੀ। ਫਿਲਹਾਲ ਸਿੱਧੂ ਦੀ ਤਰਫੋਂ ਅਦਾਲਤ 'ਚ ਉਨ੍ਹਾਂ ਨੂੰ ਗਵਾਹ ਵਜੋਂ ਸ਼ਾਮਲ ਨਾ ਕਰਨ ਲਈ ਅਰਜ਼ੀ ਦਿੱਤੀ ਗਈ ਹੈ। ਦੂਜੇ ਪਾਸੇ ਸਿੱਧੂ ਵੱਲੋਂ ਦਾਇਰ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕੋਈ ਫਾਈਲ ਸੀ ਅਤੇ ਉਹ ਗਾਇਬ ਹੋ ਗਈ ਹੈ।

-PTC News

Related Post