#Coronavirus:ਹਸਪਤਾਲ ਦੀ ਨਰਸ ਨੇ ਡਾਕਟਰ ਨੂੰ ਪਾਈਆਂ ਭਾਜੜਾਂ, ਲੱਭਣ ਲਈ ਬੁਲਾਈ ਪੁਲਿਸ

By  Shanker Badra April 3rd 2020 05:11 PM

#Coronavirus:ਹਸਪਤਾਲ ਦੀ ਨਰਸ ਨੇ ਡਾਕਟਰ ਨੂੰ ਪਾਈਆਂ ਭਾਜੜਾਂ, ਲੱਭਣ ਲਈ ਬੁਲਾਈ ਪੁਲਿਸ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਨਰਸ ਵੱਲੋਂ ਇਕਾਂਤਵਾਸ (ਹੋਮ ਕੁਆਰੰਟਾਈਨ) ਕੀਤੇ ਜਾਣ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰਕੇ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕਈ ਲੋਕਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ। ਨਰਸ ਨੇ ਕੋਵਿਡ-19 ਦੇ ਮਰੀਜ਼ਾਂ ਦੀ ਸੇਵਾ ਕੀਤੀ ਸੀ,ਇਸ ਲਈ ਕੁਆਰੰਟਾਈਨ 'ਤੇ ਸੀ।

ਦਰਅਸਲ 'ਚ ਹਸਪਤਾਲ ਅਥਾਰਿਟੀ ਨੇ ਇਸ ਨਰਸ ਨੂੰ 14 ਦਿਨਾਂ ਲਈ ਇਕਾਂਤਵਾਸ (ਹੋਮ ਕੁਆਰੰਟਾਈਨ) ’ਚ ਰਹਿਣ ਦੇ ਨਿਰਦੇਸ਼ ਦਿੱਤੇ ਸਨ ਪਰ ਉਸ ਨੇ ਉਨ੍ਹਾਂ ਨਿਰਦੇਸ਼ਾਂ ਦੀਆਂ ਨਾ ਸਿਰਫ ਧੱਜੀਆਂ ਉਡਾਈਆਂ, ਸਗੋਂ ਚੰਡੀਗੜ੍ਹ ’ਚ ਆਪਣੇ ਘਰ ਨੂੰ ਛੱਡ ਕੇ ਮੋਹਾਲੀ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਪਹੁੰਚ ਗਈ। ਹਾਲਾਤ ਅਜਿਹੇ ਬਣ ਗਏ ਹਨ ਕਿ ਨਰਸ ਨੂੰ ਲੱਭਣ ਲਈ ਹਸਪਤਾਲ ਨੂੰ ਚੰਡੀਗੜ੍ਹ ਪੁਲਿਸ ਦੀ ਮਦਦ ਲੈਣੀ ਪਈ ਹੈ।

ਦੱਸ ਦੇਈਏ ਕਿ ਨਰਸ ਨੂੰ ਕੋਵਿਡ-19 ਨਿਯਮਾਂ ਅਨੁਸਾਰ 14 ਦਿਨਾਂ ਲਈ ਕੁਆਰੰਟਾਈਨ ’ਤੇ ਭੇਜਿਆ ਗਿਆ ਸੀ। ਹਾਲਾਂਕਿ ਨਰਸ ਦੀ ਟੈਸਟ ਰਿਪੋਰਟ ਨੈਗੇਟਿਵ ਸੀ ਪਰ ਉਸ ਦੇ ਲੱਛਣਾਂ ਨੂੰ ਧਿਆਨ ’ਚ ਰੱਖਦੇ ਹੋਏ ਨਰਸ ਦਾ ਆਈਸੋਲੇਸ਼ਨ ’ਚ ਰਹਿਣਾ ਜ਼ਰੂਰੀ ਸੀ। ਜਦੋਂ ਨਰਸ ਨੂੰ ਦੇਖਣ ਲਈ ਡਾਕਟਰ ਨਰਸ ਦੇ ਘਰ ਪਹੁੰਚੇ ਤਾਂ ਉੱਥੇ ਤਾਲਾ ਲੱਗਾ ਸੀ ਅਤੇ ਫੋਨ ’ਤੇ ਗੱਲ ਕਰਨ ’ਤੇ ਪਤਾ ਲੱਗਾ ਕਿ ਉਹ ਮੋਹਾਲੀ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ’ਚ ਰਹਿਣ ਲਈ ਚਲੀ ਗਈ ਹੈ।

ਜਿਸ ਤੋਂ ਬਾਅਦ ਨਰਸ ਦੀ ਇਸ ਹਰਕਤ ਤੋਂ ਪਰੇਸ਼ਾਨ ਹੋ ਕੇ ਹਸਪਤਾਲ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਨਰਸ ਖਿਲਾਫ ਐੱਫ.ਆਈ.ਆਰ. ਦਰਜ ਕਰਨ ਲਈ ਵੀ ਕਿਹਾ ਪਰ ਚੰਡੀਗੜ੍ਹ ਪੁਲਿਸ ਨੇ ਨਰਸ ਦੇ ਕਰੀਅਰ ਨੂੰ ਧਿਆਨ ’ਚ ਰੱਖਦੇ ਹੋਏ ਨਰਸ ਨੂੰ ਚਿਤਾਵਨੀ ਦੇ ਕੇ ਆਈਸੋਲੇਸ਼ਨ ’ਚ ਰਹਿਣ ਲਈ ਕਿਹਾ ਹੈ।

ਨਰਸ ਦੇ ਕੁਆਰੰਟਾਈਨ ਨੂੰ ਤੋੜਨ ਤੋਂ ਬਾਅਦ ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ. ਐੱਸ. ਚਵਨ ਨੇ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਕੋਈ ਵੀ ਹੈਲਥ ਵਰਕਰ ਅਜਿਹੀ ਐਮਰਜੈਂਸੀ ਸਥਿਤੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਨਾ ਕਰੇ ਅਤੇ ਅਜਿਹੀ ਲਾਪਰਵਾਹੀ ਨਾ ਕਰੇ, ਜਿਸ ਕਾਰਨ ਦੂਜਿਆਂ ਦੀ ਜਾਨ ਖਤਰੇ ’ਚ ਆ ਜਾਵੇ।

-PTCNews

Related Post