Coronavirus: ਓਡੀਸ਼ਾ ਸਰਕਾਰ ਨੇ 30 ਅਪ੍ਰੈਲ ਤੱਕ ਵਧਾਇਆ ਲਾਕਡਾਊਨ, ਲਾਕਡਾਊਨ ਵਧਾਉਣ ਵਾਲਾ ਬਣਿਆ ਪਹਿਲਾ ਸੂਬਾ

By  Shanker Badra April 9th 2020 02:43 PM -- Updated: April 9th 2020 02:45 PM

Coronavirus: ਓਡੀਸ਼ਾ ਸਰਕਾਰ ਨੇ 30 ਅਪ੍ਰੈਲ ਤੱਕ ਵਧਾਇਆ ਲਾਕਡਾਊਨ, ਲਾਕਡਾਊਨ ਵਧਾਉਣ ਵਾਲਾ ਬਣਿਆ ਪਹਿਲਾ ਸੂਬਾ:ਓਡੀਸ਼ਾ : ਕੋਰੋਨਾ ਵਾਇਰਸ ਦੁਨੀਆ ਭਰ ਵਿਚ ਪੈਰ ਪਸਾਰਦਾ ਜਾ ਰਿਹਾ ਹੈ। ਜਿਥੇ ਪੂਰੇ ਦੇਸ਼ 'ਚ ਕਰਫਿਊ ਦੀ ਮਿਆਦ ਵਧਾਉਣ ਨੂੰ ਲੈ ਕੇ ਵੱਖ -ਵੱਖ ਖ਼ਬਰਾਂ ਸਾਹਮਣੇ ਆ ਰਹੀਆਂ ਹਨ ,ਓਥੇ ਹੀ ਹੁਣ ਉੜੀਸਾ ਸਰਕਾਰ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਵਿਚਕਾਰ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ।

ਜਾਣਕਾਰੀ ਅਨੁਸਾਰ 21 ਦਿਨਾਂ ਦੇ ਦੇਸ਼ ਵਿਆਪੀ ਲਾਕਡਾਊਨ ਖ਼ਤਮ ਹੋਣ ਤੋਂ ਪਹਿਲਾਂ ਹੀ ਓਡੀਸ਼ਾ ਸਰਕਾਰ ਨੇ ਕੋਰੋਨਾ ਲਾਕਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ 14 ਅਪ੍ਰੈਲ ਤੱਕ ਸੀ। ਲਾਕਡਾਊਨ ਦੀ ਮਿਆਦ ਵਧਾਉਣ ਵਾਲਾ ਓਡੀਸ਼ਾ ਹੁਣ ਪਹਿਲਾ ਸੂਬਾ ਬਣ ਗਿਆ ਹੈ।

ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਨੇ ਕੇਂਦਰ ਨੂੰ 30 ਅਪ੍ਰੈਲ ਤੱਕ ਟਰੇਨਾਂ ਤੇ ਹਵਾਈ ਸੇਵਾਵਾਂ ਸ਼ੁਰੂ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਵਿਦਿਅਕ ਅਦਾਰੇ 17 ਜੂਨ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ। ਓਡੀਸ਼ਾ ਦੇ ਢੇਂਕਨਾਲ 'ਚ ਇਕ 51 ਸਾਲਾ ਔਰਤ ਤੇ ਪੱਛਮੀ ਬੰਗਾਲ ਦੀ ਇਕ ਪੁਰਸ਼ ਵਿਅਕਤੀ ਭੁਵਨੇਸ਼ਵਰ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ।

ਉੜੀਸਾ ਸਰਕਾਰ ਦਾ ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ,ਜਦੋਂ ਕੇਂਦਰ ਸਰਕਾਰ ਦੇਸ਼ ਵਿਆਪੀ ਤਾਲਾਬੰਦੀ ਨੂੰ ਅੱਗੇ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14 ਅਪ੍ਰੈਲ ਨੂੰ ਲਾਕਡਾਊਨ ਨੂੰ ਹਟਾਉਣਾ ਸੰਭਵ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਲਾਕਡਾਊਨ ਬਾਰੇ ਅੰਤਮ ਫੈਸਲਾ ਲੈ ਸਕਦੇ ਹਨ ਪਰ ਜਿਸ ਤਰ੍ਹਾਂ ਸੂਬਿਆਂ ਦੀਆਂ ਬੇਨਤੀਆਂ ਆ ਰਹੀਆਂ ਹਨ, ਇਹ ਦਰਸਾਉਂਦੀ ਹੈ ਕਿ ਲਾਕਡਾਊਨ ਵਧਾਇਆ ਜਾਵੇਗਾ।

-PTCNews

Related Post