ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫ਼ਾਨ ‘ਅਮਫਾਨ’ ਕਾਰਨ 72 ਮੌਤਾਂ, PM ਮੋਦੀ ਕਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ : ਮਮਤਾ ਬੈਨਰਜੀ

By  Shanker Badra May 21st 2020 08:06 PM

ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫ਼ਾਨ ‘ਅਮਫਾਨ’ ਕਾਰਨ 72 ਮੌਤਾਂ, PM ਮੋਦੀ ਕਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ : ਮਮਤਾ ਬੈਨਰਜੀ:ਕੋਲਕਾਤਾ : ਬੰਗਾਲ ਦੀ ਖਾੜੀ ਵਿੱਚ ਦਹਾਕਿਆਂ ਦੇ ਸਭ ਤੋਂ ਵੱਡੇ ਚੱਕਰਵਾਤੀ ਤੂਫ਼ਾਨ ‘ਅਮਫਾਨ’ ਨੇ ਪੱਛਮੀ ਬੰਗਾਲ ਤੇ ਉਡੀਸ਼ਾ ‘ਚ ਭਾਰੀ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਪੱਛਮੀ ਬੰਗਾਲ 'ਚ 72 ਲੋਕਾਂ ਦੀ ਮੌਤ ਹੋ ਗਈ ਹੈ। ਅਮਫਾਨ ਦੇ ਕਹਿਰ ਕਰਕੇ ਹਜ਼ਾਰਾਂ ਦੀ ਗਿਣਤੀ ‘ਚ ਦਰੱਖਤ, ਖੰਭੇ ਤੇ ਕੱਚੇ ਮਕਾਨ ਡਿੱਗ ਚੁੱਕੇ ਹਨ। ਕਿਸੇ ਦੀ ਛੱਤ ਉੱਡ ਗਈ ਤਾਂ ਕਿਸੇ ਦਾ ਘਰ ਢਹਿ ਢੇਰੀ ਹੋ ਗਿਆ।

ਓਥੇ 185 ਤੋਂ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਇਸ ਤੂਫਾਨ ਨੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਅੱਜ ਵੀਰਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿਚ ਹੁਣ ਤੱਕ ਅਮਫਾਨ ਕਾਰਨ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚੱਕਰਵਾਤੀ ਤੂਫਾਨ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਦੀ ਅਪੀਲ ਕੀਤੀ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਵਿਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੇ ਰੂਪ ਵਿਚ 2-2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਮਮਤਾ ਨੇ ਦੱਸਿਆ ਕਿ "ਸੂਬੇ ਵਿਚ ਹਾਲਾਤ ਅਜੇ ਵੀ ਠੀਕ ਨਹੀਂ ਹਨ। ਮੈ ਅਜਿਹੀ ਤਬਾਹੀ ਕਦੇ ਵੀ ਨਹੀਂ ਦੇਖੀ ਹੈ। ਮੈ ਪੀਐਮ ਮੋਦੀ ਨੂੰ ਅਪੀਲ ਕਰਦੀ ਹਾਂ ਕਿ ਉਹ ਇੱਥੇ ਦਾ ਦੌਰਾ ਕਰਨ, ਮੈ ਵੀ ਹਵਾਈ ਸਰਵੇਖਣ ਕਰਾਂਗੀ ਪਰ ਅਜੇ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਹੈ"।

ਮਮਤਾ ਨੇ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਤੋਂ ਬਾਅਦ ਕਿਹਾ ਮੈਂ ਬਹੁਤ ਜਲਦੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗੀ। ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਕੋਲਕਾਤਾ ਵਿੱਚ ਲੋਕਾਂ ਨੂੰ ਕੱਲ ਸ਼ਾਮ ਤੋਂ ਹੀ ਵੱਡੇ ਪੱਧਰ 'ਤੇ ਬਿਜਲੀ ਕਟੌਤੀ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਤੱਕ ਕਿ ਟੈਲੀਫੋਨ ਅਤੇ ਮੋਬਾਇਲ ਕਨੈਕਸ਼ਨ ਵੀ ਪ੍ਰਭਾਵਿਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਇੰਨਾ ਭਿਆਨਕ ਚੱਕਰਵਾਤ ਅਤੇ ਵਿਨਾਸ਼ ਕਦੇ ਨਹੀਂ ਦੇਖਿਆ ਹੈ।

-PTCNews

Related Post