ADGP ਜੇਲ੍ਹਾਂ ਹਰਪ੍ਰੀਤ ਸਿੱਧੂ ਤੋਂ ਬਿਕਰਮ ਮਜੀਠੀਆ ਦੀ ਜਾਨ ਨੂੰ ਦੱਸਿਆ ਖ਼ਤਰਾ: ਹਰਸਿਮਰਤ ਕੌਰ ਬਾਦਲ

By  Riya Bawa June 9th 2022 07:13 AM -- Updated: June 9th 2022 07:22 AM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੱਸਿਆ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ ਵਿਚ ਖ਼ਤਰਾ ਹੈ ਤੇ ਇਸਦੇ ਨਾਲ ਹੀ ਉਹਨਾਂ ’ਤੇ ਕੋਈ ਵੀ ਬਰਾਮਦਗੀ ਪਾ ਕੇ ਉਹਨਾਂ ਨੂੰ ਇਕ ਹੋਰ ਝੂਠੇ ਮੁਕੱਦਮੇ ਵਿਚ ਫਸਾਇਆ ਜਾ ਸਕਦਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ ਤੇ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਸਰਦਾਰਨੀ ਗਨੀਵ ਕੌਰ ਮਜੀਠੀਆ ਸਮੇਤ ਅਕਾਲੀ ਦਲ ਦੇ ਇਕ ਵਫਦ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਆਖਿਆ ਕਿ ਉਹ ਹਰਪ੍ਰੀਤ ਸਿੱਧੂ ਨੁੰ ਏ ਡੀ ਜੀ ਪੀ ਜੇਲ੍ਹਾਂ ਦੇ ਦਿੱਤੇ ਐਡੀਸ਼ਨ ਚਾਰਜ ਨੂੰ ਵਾਪਸ ਲੈਣ ਲਈ ਤੁਰੰਤ ਹਦਾਇਤਾਂ ਜਾਰੀ ਕਰਨ।

harsimrat kaur badal

ਵਫਦ ਨੇ ਰਾਜਪਾਲ ਦੇ ਧਿਆਨ ਵਿਚ ਲਿਆਂਦਾ ਕਿ ਪਿਛਲੀ ਸਰਕਾਰ ਵਾਂਗੂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੀ ਹਰਪ੍ਰੀਤ ਸਿੱਧੂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਜੋ ਨਸ਼ਿਆਂ ਨੁੰ ਖ਼ਤਮ ਕਰਨ ਲਈ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਵਜੋਂ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ, ਨੂੰ ਏ ਡੀ ਜੀ ਪੀ ਜੇਲ੍ਹਾਂ ਦਾ ਐਡੀਸ਼ਨਲ ਚਾਰਜ ਸਿਰਫ ਬਿਕਰਮ ਸਿੰਘ ਮਜੀਠੀਆ ਨਾਲ ਨਿੱਜੀ ਕਿੜਾਂ ਕੱਢਣ ਵਾਸਤੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਆਮ ਆਦਮੀ ਪਾਰਟੀ ਵਾਸਤੇ ਸਿਆਸੀ ਤੌਰ ’ਤੇ ਲਾਹੇਵੰਦ ਹੈ ਕਿਉਂਕਿ ਇਸਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸਰਦਾਰ ਮਜੀਠੀਆ ਨਾਲ ਲੱਗਦੇ ਹਨ ਕਿਉਂਕਿ ਉਹਨਾਂ ਨੂੰ ਨਸ਼ਿਆਂ ਦੇ ਮਾਮਲੇ ਵਿਚ ਉਹਨਾਂ ਖਿਲਾਫ ਲਾਏ ਦੋਸ਼ਾਂ ਲਈ ਉਹਨਾਂ ਤੋਂ ਮੁਆਫੀ ਮੰਗਣੀ ਪਈ ਹੈ।

ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਹਰਪ੍ਰੀਤ ਸਿੰਘ ਸਿੱਧੂ ਏ ਡੀ ਜੀ ਪੀ ਜੇਲ੍ਹਾਂ ਰਹੇਗਾ, ਮੇਰੇ ਭਰਾ ਦੀ ਜੇਲ੍ਹ ਵਿਚ ਜਾਨ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਉਹਨਾਂ ਦੇ ਭਰਾ ਦਾ ਨੁਕਸਾਨ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਲ੍ਹ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੁੰ ਇਕ ਹੋਰ ਝੂਠੇ ਕੇਸ ਵਿਚ ਸਫਾਇਆ ਜਾ ਸਕਦਾ ਹੈ।

ਵੇਰਵੇ ਸਾਂਝੇ ਕਰਦਿਆਂ ਸਰਦਾਰਨੀ ਗਨੀਵ ਕੌਰ ਮਜੀਠੀਆ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਨੁੰ ਡਰ ਹੈ ਕਿ ਹਰਪ੍ਰੀਤ ਸਿੱਧੂ ਉਹਨਾਂ ਦੇ ਪਤੀ ਖਿਲਾਫ ਇਕ ਹੋਰ ਝੁਠੀ ਐਫ ਆਈ ਆਰ ਦਰਜ ਕਰ ਦੇਵੇਗਾ। ਉਹਨਾਂ ਦੱਸਿਆ ਕਿ ਉਹਨਾਂ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਮਾਮਲੇ ਵਿਚ ਦਖਲ ਦੇਣ ਅਤੇ ਉਹਨਾਂ ਦੇ ਪਰਿਵਾਰ ਨੁੰ ਨਿਆਂ ਦੇਣ ਕਿਉਂਕਿ ਪਰਿਵਾਰ ਬਦਲਾਖੋਰੀ ਤੋਂ ਪੀੜਤ ਹੈ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਿੱਧੂ ਜਿਸਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਹੈ, ਨੂੰ ਸੁਪਰ ਡੀ ਜੀ ਪੀ ਵਜੋਂ ਕੰਮ ਨਹੀਂ ਕਰਨ ਦੇਣਾ ਚਾਹੀਦਾ। ਵਫਦ ਨੇ ਦੱਸਿਆ ਕਿ ਪੁਲਿਸ ਅਫਸਰ ਨਾ ਸਿਰਫ ਐਸ ਟੀ ਐਫ ਦੇ ਮੁਖੀ ਵਜੋਂ ਮਜੀਠੀਆ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਐਸ ਟੀ ਐਫ ਗਠਿਤ ਕਰਵਾਉਣ ਲਈ ਜ਼ਿੰਮੇਵਾਰ ਹਨ ਬਲਕਿ ਉਹ ਇਸ ਨੁੰ ਕੰਟਰੋਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸ੍ਰੀ ਸਿੱਧੂ ਨੁੰ ਜੇਲ੍ਹ ਵਿਭਾਗ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਤਾਂ ਜੋ ਉਹ ਸਰਦਾਰ ਮਜੀਠੀਆ ਦੇ ਖਿਲਾਫ ਹੋਰ ਝੂਠੇ ਸਬੂਤ ਜੁਟਾ ਸਕਣ।

ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਿੱਧੂ ਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਚਲੀ ਆ ਰਹੀ ਹੈ। ਉਹਨਾਂ ਕਿਹਾ ਕਿ ਕਿ ਪੁਲਿਸ ਅਫਸਰ ਦੀ ਸਰਦਾਰ ਮਜੀਠੀਆ ਨਾਲ ਰਿਸ਼ਤੇਦਾਰੀ ਹੈ ਤੇ ਦੋਹਾਂ ਪਰਿਵਾਰਾਂ ਵਿਚਕਾਰ ਪੀੜੀਆਂ ਤੋਂ ਦੁਸ਼ਮਣੀ ਹੈ ਕਿਉਂਕਿ ਸ੍ਰੀ ਸਿੱਧੂ ਦਾ ਪਰਿਵਾਰ ਉਹਨਾਂ ਦੀ ਮਾਸੀ ਦੀ ਮੌਤ ਲਈ ਸਰਦਾਰ ਮਜੀਠੀਆ ਦੇ ਪਰਿਵਾਰ ਨੁੰ ਜ਼ਿੰਮੇਵਾਰ ਮੰਨਦਾ ਹੈ। ਉਹਨਾਂ ਕਿਹਾ ਕਿ ਇਸ ਪਿਛੋਕੜ ਦੇ ਬਾਵਜੂਦ ਸ੍ਰੀ ਸਿੱਧੂ ਨੇ ਮਜੀਠੀਆ ਦੇ ਨਸ਼ਿਆਂ ਦੇ ਮਾਮਲੇ ਵਿਚ ਭੂਮਿਕਾ ਦੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੁਸ਼ਮਣੀ ਬਾਰੇ ਹਾਈ ਕੋਰਟ ਵਿਚ ਪਰਦਾ ਬਣਾ ਕੇ ਰੱਖਿਆ। ਉਹਨਾਂ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਤਿੰਨ ਸੁਪਰਡੈਂਟ ਬਦਲ ਦਿੱਤੇ ਤਾਂ ਜੋ ਸਰਦਾਰ ਮਜੀਠੀਆ ਨੁੰ ਨਿਸ਼ਾਨਾ ਬਣਾਇਆ ਜਾ ਸਕੇ।

badal

ਅਕਾਲੀ ਦਲ ਦੇ ਵਫਦ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਦਾਰ ਮਜੀਠੀਆ ਨਾਲ ਜੇਲ੍ਹ ਵਿਚ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਕਿ ਹਾਲ ਵਿਚ ਜੇਲ੍ਹ ਮੰਤਰੀ ਦੇ ਜੇਲ੍ਹ ਦੌਰੇ ਦੌਰਾਨ ਸਾਬਕਾ ਮੰਤਰੀ ਨੁੰ ਉਸ ਚੱਕੀ ਵਿਚ ਬੰਦ ਕਰ ਦਿੱਤਾ ਗਿਆ ਜੋ ਮਨੁੱਖਾਂ ਦੇ ਰਹਿਣ ਲਈ ਅਣਫਿੱਟ ਤੇ ਅਸੁਰੱਖਿਅਤ ਹੈ। ਉਹਨਾਂ ਇਹ ਵੀ ਦੱਸਿਆ ਕਿ ਮਜੀਠੀਆ ਨੂੰ 8 ਬਾਈ 8 ਸਾਈਜ਼ ਦੀ ਜੇਲ੍ਹ ਵਿਚ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਮਜੀਠੀਆ ਨੂੰ ਇਸ ਸੈਲ ਵਿਚ ਤਬਦੀਲ ਕਰਨ ਦਾ ਮਕਸਦ ਸਿਰਫ ਉਹਨਾ ਨੂੰ ਜ਼ਲੀਲ ਕਰਨਾ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੈ।

-PTC News

Related Post