Coronavirus: ਕਿਸੇ ਵੀ ATM 'ਚੋਂ ਕਢਵਾਓ ਪੈਸੇ,ਨਹੀਂ ਲੱਗੇਗੀ ਕੋਈ ਫੀਸ, 30 ਜੂਨ ਤੱਕ ਭਰਿਆ ਜਾ ਸਕੇਗਾ ਇਨਕਮ ਟੈਕਸ

By  Shanker Badra March 24th 2020 03:54 PM -- Updated: March 24th 2020 03:56 PM

Coronavirus: ਕਿਸੇ ਵੀ ATM 'ਚੋਂ ਕਢਵਾਓ ਪੈਸੇ,ਨਹੀਂ ਲੱਗੇਗੀ ਕੋਈ ਫੀਸ, 30 ਜੂਨ ਤੱਕ ਭਰਿਆ ਜਾ ਸਕੇਗਾ ਇਨਕਮ ਟੈਕਸ:ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਵਿਤ ਸਾਲ 2018-19 ਲਈ ਇਨਕਮ ਟੈਕਸ ਫਾਈਲ ਕਰਨ ਦੀ ਤਰੀਕ 30 ਜੂਨ ਤੱਕ ਵਧਾ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਨਜਿਠਣ ਲਈ ਜਲਦ ਹੀ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਦੇਰੀ ਨਾਲ ਰਿਟਰਨ ਦਾਖਲ ਕਰਨ 'ਤੇ 12 ਫੀਸਦੀ ਦੀ ਬਜਾਏ 9 ਫੀਸਦੀ ਵਿਆਜ ਲੱਗੇਗਾ। ਇਸ ਦੇ ਨਾਲ ਹੀ ਟੀਡੀਐਸ 'ਤੇ ਵਿਆਜ 18 ਤੋਂ ਘਟਾ ਕੇ 9 ਫੀਸਦੀ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਪ੍ਰੈਸ ਕਾਨਫਰੰਸ ਵਿਚ ਅਧਾਰ-ਪੈਨ ਲਿੰਕ ਕਰਨ ਦੀ ਡੈੱਡਲਾਈਨ ਨੂੰ ਵੀ ਵਧਾ ਕੇ 30 ਜੂਨ 2020 ਕਰ ਦਿੱਤਾ ਹੈ।ਦੱਸ ਦਈਏ ਕਿ ਅਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ 2020 ਸੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਅਗਲੇ ਤਿੰਨ ਮਹੀਨਿਆਂ ਤੱਕ ਏਟੀਐਮ ਤੋਂ ਪੈਸੇ ਕਢਵਾਉਣ 'ਤੇ ਕੋਈ ਖਰਚਾ ਨਹੀਂ ਲੱਗੇਗਾ। ਇਸਦਾ ਮਤਲਬ ਹੈ ਕਿ ਤੁਸੀਂ ਜਿੰਨੇ ਵਾਰ ਮਰਜ਼ੀ ਕਿਸੇ ਵੀ ਬੈਂਕ 'ਚੋਂ ਜ਼ਿਆਦਾ ਰਕਮ ਕਢਵਾ ਸਕਦੇ ਹੋ। ਇਸਦੇ ਇਲਾਵਾ ਤੁਹਾਨੂੰ ਬੈਂਕ ਖਾਤੇ ਵਿੱਚ ਘੱਟੋ -ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨਹੀਂ ਹੈ। ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੇ ਤਿੰਨ ਮਹੀਨਿਆਂ ਲਈ ਘੱਟੋ ਘੱਟ ਬਕਾਇਆ ਨਾ ਰੱਖਣ ਲਈ ਬੈਂਕ ਕੋਈ ਜ਼ੁਰਮਾਨਾ ਨਹੀਂ ਲਗਾਉਣਗੇ।

-PTCNews

Related Post