ਦਿੱਲੀ ਕਮੇਟੀ ਨੇ ਮਨਜੀਤ ਸਿੰਘ ਜੀ.ਕੇ. 'ਤੇ ਹੋਏ ਹਮਲੇ 'ਚ ਸਿੱਖ ਫੌਰ ਜਸਟਿਸ ਨੂੰ ਠਹਿਰਾਇਆ ਦੋਸ਼ੀ

By  Shanker Badra August 21st 2018 07:12 PM

ਦਿੱਲੀ ਕਮੇਟੀ ਨੇ ਮਨਜੀਤ ਸਿੰਘ ਜੀ.ਕੇ. 'ਤੇ ਹੋਏ ਹਮਲੇ 'ਚ ਸਿੱਖ ਫੌਰ ਜਸਟਿਸ ਨੂੰ ਠਹਿਰਾਇਆ ਦੋਸ਼ੀ:ਨਿਊਯਾਰਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.'ਤੇ ਹੋਏ ਹਮਲੇ ਦੀ ਕੋਸ਼ਿਸ਼ ਦੀ ਨਿਖੇਧੀ ਕਰਦੇ ਹੋਏ ਕਮੇਟੀ ਨੇ ਹਮਲਾ ਕਰਨ ਦਾ ਜਿੰਮੇਵਾਰ ਸਿੱਖ ਫੌਰ ਜਸਟਿਸ ਨੂੰ ਦੱਸਿਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਮੈਂਬਰ ਹਰਿੰਦਰ ਪਾਲ ਸਿੰਘ ਤੇ ਚਮਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ.ਐਸ.ਆਈ. ਦੀ ਸ਼ਹਿ 'ਤੇ ਸਿੱਖ ਫੌਰ ਜਸਟਿਸ ਵੱਲੋਂ ਹਮਲਾ ਕਰਾਉਣ ਦਾ ਦੋਸ਼ ਲਗਾਇਆ ਹੈ।ਕਮੇਟੀ ਆਗੂਆਂ ਨੇ ਜੀ.ਕੇ. ਵੱਲੋਂ ਇਸ ਮੌਕੇ ਦਿਖਾਈ ਗਈ ਬਹਾਦਰੀ ਦੇ ਸਾਹਮਣੇ ਅਖੌਤੀ ਹਮਲਾਵਰਾਂ ਦੀ ਬੋਲਤੀ ਬੰਦ ਹੋਣ ਨੂੰ ਸਿੱਖ ਫੌਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਦੇ ਮਰੇ ਹੋਏ ਜਮੀਰ ਨਾਲ ਜੋੜਿਆ ਹੈ।

ਸਿਰਸਾ ਨੇ ਕਿਹਾ ਕਿ ਗੁੰਡਾ ਅਨਸਰਾਂ ਵੱਲੋਂ ਆਈ.ਐਸ.ਆਈ. ਦੀ ਫਡਿੰਗ ਦੇ ਸਹਾਰੇ ਜੀ.ਕੇ. 'ਤੇ ਹਮਲਾ ਕਰਵਾਕੇ ਪੰਨੂੰ ਬੇਨਕਾਬ ਹੋ ਗਿਆ ਹੈ।ਪੰਨੂੰ ਦਾ ਕੰਮ ਡਾਲਰ ਇਕੱਠੇ ਕਰਕੇ ਕੌਮ ਦਾ ਨੁਕਸਾਨ ਕਰਨਾ ਹੈ। 1984 ਅਤੇ ਸਿੱਖ ਮਸਲਿਆਂ ਦੀ ਲੜਾਈ ਜਿਸਨੂੰ ਪਿਛਲੀ ਕਮੇਟੀ ਭੁੱਲ ਚੁੱਕੀ ਸੀ ਅਸੀਂ ਉਸ ਲੜਾਈ ਨੂੰ 5 ਸਾਲ ਦੌਰਾਨ ਇਸ ਮੁਕਾਮ 'ਤੇ ਪਹੁੰਚਾਇਆ ਹੈ ਕਿ ਹੁਣ ਫਾਂਸੀ ਦਾ ਫੰਦਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਗਲੇ ਦੇ ਨੇੜ੍ਹੇ ਪੁੱਜ ਚੁੱਕਿਆ ਹੈ।ਜੋ ਕਿ ਵਿਦੇਸ਼ਾਂ 'ਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਫਡਿੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਰਾਸ ਨਹੀਂ ਆ ਰਿਹਾ।ਪੰਨੂੰ ਵਰਗੇ ਲੋਕ ਕੌਮ ਦੇ ਕਾਤਲਾਂ ਨੂੰ ਸਿਰੋਪਾ ਦੇਣ ਵਾਲਿਆਂ ਦਾ ਅਮਰੀਕਾ 'ਚ ਵਿਰੋਧ ਨਹੀਂ ਕਰਦੇ ਪਰ ਕੌਮ ਦੀ ਲੜਾਈ ਲੜਨ ਵਾਲੇ ਕੌਮ ਦੇ ਵਫਾਦਾਰ ਸਿਪਾਹੀ ਜੀ.ਕੇ. ਦੀ ਵਿਰੋਧਤਾ ਕਰਕੇ ਆਪਣੀ ਵਿਕਾਊ ਮਾਨਸਿਕਤਾ ਨੂੰ ਦਿਖਾ ਰਹੇ ਹਨ।

ਸਿਰਸਾ ਨੇ ਦੋਸ਼ ਲਗਾਇਆ ਕਿ ਕੌਮ ਵਿਰੋਧੀ ਸ਼ਕਤੀਆਂ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਬਦਨਾਮ ਕਰਕੇ ਸਿੱਖ ਮਸਲਿਆਂ 'ਤੇ ਲੜੀ ਜਾ ਰਹੀ ਲੜਾਈ ਨੂੰ ਕਮਜੋਰ ਕਰਨਾ ਚਾਹੁੰਦੀਆਂ ਹਨ।ਸਿਰਸਾ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਕੇਸ਼ਾਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਮੁੱਢੋਂ ਰੱਦ ਕਰਦੇ ਹੋਏ ਕਮਿਸ਼ਨ ਦੀ ਕਾਰਜ ਪ੍ਰਣਾਲੀ,ਰਿਪੋਰਟ ਦੇ ਮੀਡੀਆ 'ਚ ਲੀਕ ਹੋਣ ਅਤੇ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਇਸ ਮਾਮਲੇ 'ਚ ਗਵਾਹ ਹਿੰਮਤ ਸਿੰਘ ਨੂੰ ਅਕਾਲੀ ਦਲ ਖਿਲਾਫ਼ ਆਤਮਘਾਤੀ ਹਮਲਾਵਰ ਵੱਜੋਂ ਇਸਤੇਮਾਲ ਕਰਨ ਦੇ ਲੱਗ ਰਹੇ ਦੋਸ਼ਾਂ ਦਾ ਹਵਾਲਾ ਦਿੱਤਾ।

ਕਾਲਕਾ ਨੇ ਕਿਹਾ ਕਿ ਦੋ ਦਿਨ ਪਹਿਲੇ ਵੀ ਨਿਯੂਆਰਕ ਵਿਖੇ ਗੁਰਮਤਿ ਸਮਾਗਮ ਦੌਰਾਨ ਜੀ.ਕੇ. ਨੂੰ ਬੋਲਣ ਤੋਂ ਰੋਕਣ ਲਈ 8-10 ਲੋਕਾਂ ਨੇ ਕੋਸ਼ਿਸ਼ ਕੀਤੀ ਸੀ। ਜੀ.ਕੇ. ਦਾ ਇਸ ਦੀਵਾਨ 'ਚ ਬੋਲਣ ਦਾ ਸਮਾਂ ਦੋਪਹਿਰ 2 ਵਜੇ ਦਾ ਸੀ ਪਰ ਗਰਮ ਖਿਆਲੀ ਇਹ ਲੋਕ ਪੰਡਾਲ 'ਚ 12:30 ਵਜੇ ਆ ਕੇ ਬੈਠ ਗਏ ਸਨ।ਜਿਸ ਤੋਂ ਬਾਅਦ ਜੀ.ਕੇ. ਨੇ ਖੁਲ ਕੇ ਆਪਣੀ ਤਕਰੀਰ ਕੀਤੀ ਸੀ।ਆਪਣੀ ਹੋਈ ਇਸ ਬੇਈਜੱਤੀ ਦਾ ਬਦਲਾ ਲੈਣ ਲਈ ਇਨ੍ਹਾਂ ਨੇ ਕੱਲ ਰਾਤ ਦਾ ਸਮਾਂ ਚੁਣਿਆ ਜਦੋਂ ਜੀ.ਕੇ. ਇਕ ਪੰਜਾਬੀ ਮੀਡੀਆ ਹਾਊਸ 'ਚ ਪੰਥਕ ਮਸਲਿਆਂ 'ਤੇ ਚਲਦੇ ਪ੍ਰੋਗਰਾਮ 'ਚ ਆਪਣੀ ਗੱਲ ਰੱਖ ਕੇ ਆਪਣੇ ਭਰਾ ਤੇ ਭਰਜਾਈ ਨਾਲ ਵਾਪਸ ਘਰ ਪਰਤ ਰਹੇ ਸਨ ਤਾਂ ਇਨ੍ਹਾਂ ਹੁੱਲੜਬਾਜਾਂ ਨੇ ਉਨ੍ਹਾਂ ਦੀ ਗੱਡੀ 'ਤੇ ਜੁਤੀਆਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜੀ.ਕੇ. ਨੇ ਦਿਲੇਰਾਨਾ ਤਰੀਕੇ ਨਾਲ ਇਨ੍ਹਾਂ ਨੂੰ ਲਲਕਾਰਿਆ ਤਾਂ ਇਨ੍ਹਾਂ ਗੁੰਡਿਆਂ ਨੇ ਜੀ.ਕੇ. ਦੀ ਭਰਜਾਈ ਨਾਲ ਹੱਥਾਪਾਈ ਅਤੇ ਭਰਾ ਦੀ ਦਸਤਾਰ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ।

-PTCNews

Related Post