ਦਿੱਲੀ ਦੇ ਚਾਰ ਸਿੱਖ ਆਗੂ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ,ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸੀ ਤਲਬ

By  PTC NEWS March 5th 2020 02:01 PM -- Updated: March 5th 2020 02:27 PM

ਦਿੱਲੀ ਦੇ ਚਾਰ ਸਿੱਖ ਆਗੂ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ,ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸੀ ਤਲਬ:ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਐਮ.ਐਸ. ਬਲਾਕ ਹਰੀ ਨਗਰ ਦੇ ਪ੍ਰਬੰਧ ਵਿਚ ਹੋਈਆਂ ਬੇਨਿਯਮੀਆਂ ਤੇ ਸਿੱਖ ਪੰਥ ਦੀ ਇਸ ਜਾਇਦਾਦ ਨੂੰ ਖ਼ੁਰਦ-ਬੁਰਦ ਹੋਣ ਦੇ ਮਾਮਲੇ ਵਿਚ ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਰਨਾ, ਅਵਤਾਰ ਸਿੰਘ ਹਿੱਤ ਅਤੇ ਮਨਜੀਤ ਜੀਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਹਨ।

ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਚ ਮੀਟਿੰਗ ਹੋਈ ਹੈ। ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 4 ਮਹੀਨਿਆਂ 'ਚ ਸਕੂਲ ਸਬੰਧੀ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਜਥੇਦਾਰ ਸ੍ਰੀ ਅਕਲ ਤਖਤ ਸਾਹਿਬ ਵਲੋਂ ਅਗਲੇ 4 ਮਹੀਨੇ ਸਕੂਲ ਸਬੰਧੀ ਬਿਆਨਬਾਜ਼ੀ ਕਰਨ 'ਤੇ ਪਾਬੰਦੀ ਲਾਈ ਗਈ ਹੈ। ਇਸ ਦੌਰਾਨ ਪੇਸ਼ ਹੋਏ ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖਤ 'ਚ ਪੂਰਨ ਭਰੋਸਾ ਪ੍ਰਗਟਾਇਆ ਹੈ।

ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੀ 26 ਫਰਵਰੀ ਨੂੰ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਦੋ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਤੋਂ ਇਲਾਵਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਰਿਕਾਰਡ ਸਮੇਤ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤੇ ਗਏ ਸਨ।

Related Post