30 ਤੋਂ 31 ਮਈ ਤੱਕ ਬੰਦ ਰਹੇਗੀ ਰੇਲਵੇ ਦੀ ਆਨਲਾਈਨ ਸੇਵਾ, ਪਰ 1 ਜੂਨ ਤੋਂ ਦੌੜਨਗੀਆਂ 200 ਰੇਲਗੱਡੀਆਂ

By  Panesar Harinder May 30th 2020 01:48 PM

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੱਗੇ ਦੇਸ਼ਵਿਆਪੀ ਲੌਕਡਾਊਨ ਕਾਰਨ ਔਕੜਾਂ ਭਰੇ ਹਾਲਾਤਾਂ 'ਚ ਫ਼ਸੇ ਜਨਜੀਵਨ ਨੂੰ ਮੁੜ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਅਧੀਨ ਸ਼੍ਰਮਿਕ ਰੇਲਗੱਡੀਆਂ ਤੋਂ ਅੱਗੇ ਕਦਮ ਵਧਾਉਂਦੇ ਹੋਏ ਹੁਣ ਆਮ ਲੋਕਾਂ ਦੇ ਸਫ਼ਰ ਲਈ ਵੀ ਰੇਲਗੱਡੀਆਂ ਚਲਾਉਣ ਦੀ ਯੋਜਨਾਬੰਦੀਆਂ ਆਕਾਰ ਲੈ ਰਹੀਆਂ ਹਨ।

ਭਾਰਤੀ ਰੇਲਵੇ ਨੇ ਸੋਮਵਾਰ ਤੋਂ 200 ਤੋਂ ਵੱਧ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਦਾ ਉਦੇਸ਼ ਹੈ ਕਿ ਲੌਕਡਾਊਨ ਤੇ ਕਰਫ਼ਿਊ ਦੌਰਾਨ ਆਪਣੇ ਘਰਾਂ ਤੋਂ ਦੂਰ ਫ਼ਸੇ ਬੈਠੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇ। ਇਸ ਦੌਰਾਨ ਇੱਕ ਖ਼ਬਰ ਭਾਰਤੀ ਰੇਲਵੇ ਵੱਲੋਂ ਤਕਨੀਕੀ ਕਾਰਨਾਂ ਕਾਰਨ ਕੁਝ ਸਮੇਂ ਲਈ ਆਪਣੀਆਂ ਸੇਵਾਵਾਂ ਬੰਦ ਰੱਖਣ ਦੀ ਵੀ ਪ੍ਰਾਪਤ ਹੋਈ ਹੈ। ਸੇਵਾਵਾਂ ਬੰਦ ਰਹਿਣ ਦੌਰਾਨ ਤੁਹਾਨੂੰ ਰਿਜ਼ਰਵੇਸ਼ਨ, ਕੈਂਸਲੇਸ਼ਨ ਤੇ ਪੁੱਛਗਿੱਛ ਜਿਹੀਆਂ ਸੇਵਾਵਾਂ ਹਾਸਲ ਨਹੀਂ ਹੋਣਗੀਆਂ।

30 ਮਈ ਤੋਂ 31 ਮਈ ਤੱਕ ਬੰਦ ਰਹਿਣਗੀਆਂ ਰੇਲ ਸੇਵਾਵਾਂ

ਤਕਨੀਕੀ ਕਾਰਨਾਂ ਕਰਕੇ ਭਾਰਤੀ ਰੇਲਵੇ ਨੇ ਦਿੱਲੀ 'ਚ ਸਥਿਤ ਪੈਸੇਂਜ਼ਰ ਰਿਜ਼ਰਵੇਸ਼ਨ ਸਿਸਟਮ (ਦਿੱਲੀ ਪੀਆਰਐੱਸ) ਨੂੰ 30 ਮਈ ਦੀ ਰਾਤ 11.45 ਵਜੇ ਤੋਂ 31 ਮਈ ਦੀ ਸਵੇਰ 3.15 ਵਜੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੀਆਰਐੱਸ ਸਿਸਟਮ ਬੰਦ ਰਹਿਣ ਨਾਲ ਰੇਲਵੇ ਦੀਆਂ ਪੁੱਛਗਿੱਛ ਸੇਵਾ 139 ਪੂਰੀ ਤਰ੍ਹਾਂ ਨਾਲ ਬੰਦ ਰਹੇਗੀ।

ਇਸ ਦੌਰਾਨ ਟਿਕਟ ਰਿਜ਼ਰਵੇਸ਼ਨ, ਕੈਂਸਲੇਸ਼ਨ, ਚਾਰਟਿੰਗ, ਇੰਟਰਨੈੱਟ ਬੁਕਿੰਗ, ਪੀਆਰਐੱਸ ਇੰਕੁਆਇਰੀ ਜਿਹੀਆਂ ਸੇਵਾਵਾਂ ਬੰਦ ਰਹਿਣਗੀਆਂ। ਇਸ ਸਮੇਂ ਦੌਰਾਨ ਰੇਲ ਯਾਤਰੀਆਂ ਨੂੰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

1 ਜੂਨ ਤੋਂ ਦੌੜਨਗੀਆਂ 200 ਰੇਲਗੱਡੀਆਂ

1 ਜੂਨ ਤੋਂ ਭਾਰਤੀ ਰੇਲਵੇ ਲਗਭਗ 200 ਹੋਰ ਯਾਤਰੂ ਰੇਲਗੱਡੀਆਂ ਚਲਾਉਣ ਜਾ ਰਹੀ ਹੈ। ਇਨ੍ਹਾਂ ਰੇਲਗੱਡੀਆਂ ਨੂੰ ਉਨ੍ਹਾਂ ਦੇ ਨਿਯਮਿਤ ਟਾਈਮ ਟੇਬਲ ਦੇ ਹਿਸਾਬ ਨਾਲ ਚਲਾਇਆ ਜਾਵੇਗਾ। ਇਨ੍ਹਾਂ ਰੇਲਗੱਡੀਆਂ ਦੇ ਚੱਲਣ ਤੋਂ ਪਹਿਲਾਂ ਰੇਲਵੇ ਨੇ ਯਾਤਰੀਆਂ ਲਈ ਇੱਕ ਜ਼ਰੂਰੀ ਗਾਈਡਲਾਈਨ ਜਾਰੀ ਕੀਤੀ ਹੈ। ਰੇਲ ਯਾਤਰੀਆਂ ਵੱਲੋਂ ਯਾਤਰਾ ਦੌਰਾਨ ਇਸ ਗਾਈਡਲਾਈਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋਵੇਗਾ।

ਚੱਲਣ ਜਾ ਰਹੀਆਂ ਇਨ੍ਹਾਂ ਰੇਲਗੱਡੀਆਂ ਦੀਆਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਰੇਲਵੇ ਦੇ ਸੀਨੀਅਰ ਅਹੁਦੇਦਾਰਾਂ ਵੱਲੋਂ ਹਾਲ ਹੀ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਝ ਕੁ ਨੂੰ ਛੱਡ ਕੇ ਜ਼ਿਆਦਾਤਰ ਰੇਲਗੱਡੀਆਂ 'ਚੋਂ ਅਜੇ ਵੀ ਸੀਟਾਂ ਉਪਲਬਧ ਹਨ। ਉਨ੍ਹਾਂ ਨੇ ਕਿਹਾ ਜਿਨ੍ਹਾਂ ਰੂਟਾਂ 'ਤੇ ਰੇਲਗੱਡੀਆਂ ਭਰ ਗਈਆਂ ਹਨ, ਉਨ੍ਹਾਂ 'ਤੇ ਹੋਰ ਰੇਲਗੱਡੀਆਂ ਵੀ ਚਲਾਈਆਂ ਜਾਣਗੀਆਂ। ਰੇਲ ਯਾਤਰਾ ਲਈ ਆਨਲਾਈਨ ਟਿਕਟ ਬੁਕਿੰਗ ਵੈੱਬਸਾਈਟ www.irctc.co.in ਅਤੇ IRCTC ਦੀ ਮੋਬਾਈਲ ਐਪ ਰਾਹੀਂ ਕੀਤੀ ਜਾ ਸਕਦੀ ਹੈ।

ਰੇਲਗੱਡੀਆਂ ਚੱਲਣ ਦੇ ਐਲਾਨ ਨਾਲ ਨੌਕਰੀਆਂ ਤੇ ਛੋਟੇ ਵਪਾਰ ਨਾਲ ਜੁੜੇ ਲੋਕਾਂ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਤੱਕ, ਸਾਰੇ ਵਰਗਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ।

Related Post