ਹਰਸਿਮਰਤ ਕੌਰ ਬਾਦਲ ਨੇ ਬੀਜ ਘੁਟਾਲੇ ਦੀ ਨਿਰਪੱਖ ਜਾਂਚ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖੀ ਚਿੱਠੀ

By  Shanker Badra May 29th 2020 08:39 PM

ਹਰਸਿਮਰਤ ਕੌਰ ਬਾਦਲ ਨੇਬੀਜ ਘੁਟਾਲੇ ਦੀ ਨਿਰਪੱਖ ਜਾਂਚ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖੀ ਚਿੱਠੀ:ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਰਰਾਜੀ ਬੀਜ ਘੁਟਾਲੇ ਦੀ ਨਿਰਪੱਖ ਜਾਂਚ ਲਈ ਇੱਕ ਕੇਂਦਰੀ ਟੀਮ ਨੂੰ ਪੰਜਾਬ ਭੇਜਣ। ਇਸ ਤੋਂ ਇਲਾਵਾ ਉਹਨਾਂ ਕੇਂਦਰੀ ਮੰਤਰੀ ਨੂੰ ਇਹ ਵੀ ਕਿਹਾ ਕਿ ਉਹਨਾਂ ਕਿਸਾਨਾਂ ਨੂੰ ਬਚਾਉਣ ਲਈ ਉਹ ਢੁੱਕਵੀਂ ਕਾਰਵਾਈ ਦੀ ਸਿਫਾਰਿਸ਼ ਕਰਨ, ਜਿਹਨਾਂ ਨੂੰ ਝੋਨੇ ਦੀ ਨਕਲੀ ਬਰੀਡਰ ਬੀਜ ਅਸਲੀ ਕੀਮਤ ਨਾਲੋਂ ਤਿੰਨ ਗੁਣਾ ਵੱਧ ਭਾਅ ਉੇੱਤੇ ਵੇਚ ਕੇ ਠੱਗਿਆ ਗਿਆ ਹੈ।

ਖੇਤੀਬਾੜੀ ਮੰਤਰੀ ਨੂੰ ਇਸ ਮੁੱਦੇ 'ਤੇ ਲਿਖੀ ਇੱਕ ਚਿੱਠੀ ਵਿਚ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਇੱਕ ਬਹੁਤ ਵੱਡਾ ਬੀਜ ਘੁਟਾਲਾ ਬੇਨਕਾਬ ਹੋਇਆ ਹੈ, ਜਿਹੜਾ ਗੁਆਂਢੀ ਰਾਜਾਂ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਸੱਟ ਮਾਰਨ ਤੋਂ ਇਲਾਵਾ ਪੂਰੇ ਭਾਰਤ ਅੰਦਰ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਬੇਈਮਾਨ ਲੋਕਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਬੀਬਾ ਬਾਦਲ ਨੇ ਦੇਸ਼ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਕਾਲਤ ਕੀਤੀ, ਜੋ ਕਿ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿਚ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਘੁਟਾਲੇ ਦਾ ਸੰਬੰਧ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਝੋਨੇ ਦੇ ਬੀਜਾਂ ਪੀਆਰ-128 ਅਤੇ ਪੀਆਰ-129 ਦੀ ਪ੍ਰਾਈਵੇਟ ਵਿਕਰੀ ਨਾਲ ਹੈ, ਜਿਸ ਵਾਸਤੇ ਨਿੱਜੀ ਕੰਪਨੀਆਂ ਨੂੰ ਵਿਕਰੀ ਲਈ ਅਜੇ ਪ੍ਰਵਾਨਗੀ ਦਿੱਤੀ ਜਾਣੀ ਬਾਕੀ ਹੈ। ਉਹਨਾਂ ਕਿਹਾ ਕਿ ਪੀਏਯੂ ਨੇ ਮਈ 2020 ਵਿਚ 70 ਰੁਪਏ ਕਿਲੋ ਦੇ ਰੇਟ ਉੱਤੇ ਕਿਸਾਨਾਂ ਨੂੰ ਬਹੁਤ ਥੋੜ੍ਹੀ ਮਾਤਰਾ ਵਿਚ ਇਹ ਬੀਜ ਵੇਚੇ ਸਨ। ਪਰ ਬੇਈਮਾਨ ਕਾਰੋਬਾਰੀਆਂ ਨੇ ਇਹਨਾਂ ਬੀਜਾਂ ਦਾ ਅਕਤੂਬਰ 2019 ਵਿਚ ਗੈਰਕਾਨੂੰਨੀ ਉਤਪਾਦਨ ਕਰ ਲਿਆ ਸੀ ਅਤੇ ਇਹਨਾਂ ਨਕਲੀ ਦੇ ਬੀਜਾਂ ਦੇ ਟਰੱਕਾਂ ਦੇ ਟਰੱਕ ਭੋਲੇ ਭਾਲੇ ਕਿਸਾਨਾਂ ਨੂੰ 200 ਰੁਪਏ ਕਿਲੋਂ ਦੇ ਭਾਅ ਵੇਚ ਦਿੱਤੇ ਸਨ।

ਬੀਬਾ ਬਾਦਲ ਨੇ ਖੇਤੀਬਾੜੀ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਇਹ ਬੀਜ ਕਿਸੇ ਵੀ ਬੀਜ ਉਤਪਾਦਕ ਨੂੰ ਸਪਲਾਈ ਨਹੀਂ ਕੀਤੇ ਗਏ ਹਨ ਅਤੇ ਪੰਜਾਬ ਬੀਜ ਸਰਟੀਫਿਕੇਸ਼ਨ ਅਥਾਰਟੀ ਨੇ ਪੀਆਰ-128 ਅਤੇ ਪੀਆਰ-129 ਦੇ ਪ੍ਰਮਾਣਿਕ ਬੀਜਾਂ ਲਈ ਕਿਸੇ ਬੀਜ ਉਤਪਾਦਕ ਨੂੰ ਰਜਿਸਟਰ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਇਹਨਾਂ ਬੀਜਾਂ ਦੀ ਪੇਸ਼ਾਵਰ ਵਰਤੋਂਂ ਲਈ ਕੇਂਦਰ ਸਰਕਾਰ ਕੋਲੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ ਹੈ। ਉਹਨਾਂ ਕਿਹਾ ਕਿ ਇਹ ਬੀਜ 2021-22 ਦੇ ਝੋਨੇ ਦੇ ਸੀਜਨ ਦੌਰਾਨ ਪ੍ਰਚਾਰ ਲਈ ਬੀਜ ਉਤਪਾਦਕਾਂ ਕੋਲ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਹੀ ਇਹ ਵਿਕਰੀ ਲਈ ਪ੍ਰਾਈਵੇਟ ਬੀਜ ਵਿਕਰੇਤਾਵਾਂ ਕੋਲ ਪਹੁੰਚੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੀ ਸ਼ਿਕਾਇਤ ਮਗਰੋਂ ਖੇਤੀਬਾੜੀ ਵਿਭਾਗ ਦੁਆਰਾ 11 ਮਈ ਨੂੰ ਬਰਾੜ ਸੀਡ ਸਟੋਰ ਤੋਂ ਇਹਨਾਂ ਦੋਵੇਂ ਵੰਨਗੀਆਂ ਦੇ ਨਕਲੀ ਬੀਜ ਬਰਾਮਦ ਕਰਨ ਅਤੇ ਇਸ ਸੰਬੰਧੀ ਐਫਆਈਆਰ ਦਰਜ ਕਰਵਾਉਣ ਦੇ ਬਾਵਜੂਦ ਅਜੇ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਬਰਾੜ ਸੀਡਜ਼ ਨੇ ਬਿਆਨ ਦਿੱਤਾ ਸੀ ਕਿ ਉਸ ਨੂੰ ਇਹ ਨਕਲੀ ਬੀਜ ਗੁਰਦਾਸਪੁਰ ਦੀ ਫਰਮ ਕਰਨਾਲ ਐਗਰੀ ਸੀਡਜ਼ ਵੱਲੋਂ ਸਪਲਾਈ ਕੀਤੇ ਗਏ ਸਨ। ਉਹਨਾਂ ਕਿਹਾ ਕਿ ਕਿਸਾਨ ਕਹਿ ਰਹੇ ਹਨ ਕਿ ਇਹਨਾਂ ਘਪਲੇਬਾਜ਼ਾਂ ਨੂੰ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ, ਇਸੇ ਕਰਕੇ ਪੁਲਿਸ ਨਾ ਤਾਂ ਨਕਲੀ ਬੀਜਾਂ ਦੇ ਹੋਰ ਭੰਡਾਰ ਜ਼ਬਤ ਕਰ ਰਹੀ ਹੈ ਅਤੇ ਨਾ ਹੀ ਕਿਸੇ ਦੀ ਗਿਰਫ਼ਤਾਰੀ ਕਰ ਰਹੀ ਹੈ।

ਬੀਬਾ ਬਾਦਲ ਨੇ ਖੇਤੀਬਾੜੀ ਮੰਤਰੀ ਨੂੰ ਇਹ ਵੀ ਦੱਸਿਆ ਕਿ ਕਿਸਾਨ ਇਹ ਮਹਿਸੂਸ ਕਰਦੇ ਹਨ ਕਿ ਪੁਲਿਸ ਇਸ ਮਾਮਲੇ ਵਿਚ ਇਸ ਲਈ ਕਾਰਵਾਈ ਨਹੀਂ ਕਰ ਰਹੀ ਹੈ, ਕਿਉਂਕਿ ਘਪਲੇਬਾਜ਼ਾਂ  ਨੂੰ ਸਰਕਾਰੀ ਅਤੇ ਪੰਜਾਬ ਦੇ ਇੱਕ ਤਾਕਤਵਰ ਮੰਤਰੀ ਦੀ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ। ਉਹਨਾਂ ਕਿਹਾ ਕਿ ਇਸ ਗੱਲ ਦਾ ਵੀ ਖਤਰਾ ਹੈ ਕਿ ਇਸ ਬਹੁ-ਕਰੋੜੀ ਘਪਲੇ ਦੇ ਅਸਲੀ ਸਰਗਨਿਆਂ ਤਕ ਪਹੁੰਚਾਉਣ ਵਾਲਾ ਵੱਡਾ ਸਬੂਤ ਨਸ਼ਟ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਤੁਹਾਡੇ ਵਿਭਾਗ ਵੱਲੋਂ ਕੀਤੀ ਕੇਂਦਰੀ ਜਾਂਚ ਜਾਂ ਸੀਬੀਆਈ ਜਾਂਚ ਹੀ ਇੱਕ ਅਜਿਹੇ ਸਮੇਂ ਕਿਸਾਨਾਂ ਨੂੰ ਠੱਗਣ ਵਾਲੀ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰ ਸਕਦੀ ਹੈ, ਜਦੋਂ ਉਹ ਇੱਕ ਭਿਆਨਕ ਮਹਾਂਮਾਰੀ ਦੌਰਾਨ ਪੂਰੇ ਦੇਸ਼ ਦਾ ਢਿੱਡ ਭਂਰਨ ਲਈ ਕੰਮ ਕਰ ਰਹੇ ਹਨ।

-PTCNews

Related Post