Diwali 2021: ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਿੱਖ ਧਰਮ ਵਿੱਚ ਦੀਵਾਲੀ ਦਾ ਤਿਉਹਾਰ

By  Riya Bawa November 4th 2021 03:24 PM

Diwali 2021: ਦੀਵਾਲੀ ਦਾ ਤਿਉਹਾਰ ਸਿੱਖ ਧਰਮ 'ਚ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਇਤਿਹਾਸ ਖੰਨਾ ਦੇ ਨੇੜਲੇ ਪਿੰਡ ਘੁਡਾਣੀ ਕਲਾਂ ਨਾਲ ਵੀ ਜੁੜਿਆ ਹੈ। ਜਦੋਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਜਾ ਰਹੇ ਸੀ ਤਾਂ ਘੁਡਾਣੀ ਕਲਾਂ ਪਿੰਡ 'ਚ 45 ਦਿਨ ਰੁਕੇ ਸੀ। ਇਥੇ ਹੀ ਗੁਰੂ ਸਾਹਿਬ ਨੇ ਆਪਣਾ ਚੋਲਾ ਸਾਹਿਬ, ਜੋੜਾ ਸਾਹਿਬ ਤੇ ਪੋਥੀ ਸੁਸ਼ੋਭਿਤ ਕੀਤੇ ਜਿਹਨਾਂ ਦੇ ਦਰਸ਼ਨ ਕਰਨ ਅੱਜ ਵੀ ਦੇਸ਼ ਵਿਦੇਸ਼ ਤੋਂ ਸੰਗਤ ਇੱਥੇ ਆਉਂਦੀ ਹੈ।

ਗੁਰੂ ਹਰਗੋਬਿੰਦ ਸਾਹਿਬ 45 ਦਿਨਾਂ ਤੱਕ ਇੱਥੇ ਰੁਕੇ ਸੀ। ਇਤਿਹਾਸ ਨਾਲ ਸਬੰਧਤ ਇੱਥੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ, ਗੁਰਦੁਆਰਾ ਸ਼੍ਰੀ ਭਡ਼ੋਲਾ ਸਾਹਿਬ, ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਬਣੇ ਹੋਏ ਹਨ। ਸੰਗਤ ਦੀ ਆਸਥਾ ਹੈ ਕਿ ਇੱਥੇ ਗਲੇ ਦੇ ਟੋਂਸਲਾਂ ਦੀ ਸੁੱਖ ਸੁਖ ਕੇ ਇਲਾਜ ਹੁੰਦਾ ਹੈ। ਹੋਰ ਵੀ ਅਨੇਕ ਬੀਮਾਰੀਆਂ ਦਾ ਇਲਾਜ ਇੱਥੇ ਅਰਦਾਸ ਨਾਲ ਹੁੰਦਾ ਹੈ।

ਗਿਆਨੀ ਗੁਰਚਰਨ ਸਿੰਘ ਨੇ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਤੋਂ ਸਾਇੰਸਦਾਨ ਆਏ ਸੀ ਜਿਹਨਾਂ ਨੇ ਕੈਮੀਕਲ ਲਾ ਕੇ ਗੁਰੂ ਸਾਹਿਬ ਦਾ ਚੋਲਾ ਸਾਹਿਬ ਸ਼ੀਸ਼ਿਆਂ ਅੰਦਰ ਬੰਦ ਕਰਕੇ ਰੱਖਿਆ। ਜਿਸ ਨਾਲ ਹੁਣ ਕਈ ਸਾਲਾਂ ਤੱਕ ਸੰਗਤ ਦਰਸ਼ਨ ਕਰਦੀ ਰਹੇਗੀ। ਇਸੇ ਤਰ੍ਹਾਂ ਜੋੜਾ ਸਾਹਿਬ ਤੇ ਪੋਥੀ ਸਾਹਿਬ ਵੀ ਸੰਭਾਲੀ ਹੋਈ ਹੈ। ਗੁਰੂ ਸਾਹਿਬ ਨੇ ਇਲਾਕੇ ਨੂੰ ਜੋ ਵਰ ਦਿੱਤੇ ਸੀ ਉਹਨਾਂ ਵਰਾਂ ਦੀ ਅਪਾਰ ਕਿਰਪਾ ਅੱਜ ਵੀ ਇਲਾਕੇ ਦੀਆਂ ਸੰਗਤਾਂ ਉੱਪਰ ਹੈ।

ਦੂਜੇ ਪਾਸੇ ਸੰਗਤਾਂ ਨੇ ਕਿਹਾ ਕਿ ਇਸ ਧਾਰਮਿਕ ਅਸਥਾਨ ਉੱਪਰ ਸੰਗਤਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਬੰਦੀ ਛੋਡ਼ ਦਿਵਸ ਉੱਪਰ ਗੁਰਦੁਆਰਾ ਸਾਹਿਬ ਚ ਕਈ ਦਿਨਾਂ ਤੱਕ ਧਾਰਮਿਕ ਸਮਾਗਮ ਚੱਲਦੇ ਹਨ।

---(ਗੁਰਦੀਪ ਸਿੰਘ, ਪਾਇਲ)

-PTC News

Related Post