ਐਨ.ਪੀ.ਏ. 'ਚ ਕੀਤੀ ਕਟੌਤੀ ਦੇ ਵਿਰੋਧ 'ਚ ਡਾਕਟਰਾਂ ਨੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

By  Shanker Badra August 4th 2021 02:00 PM

ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਛੇਵੇਂ ਪੇ- ਕਮਿਸ਼ਨ ਵਿੱਚ ਡਾਕਟਰਾਂ ਨੂੰ ਤਨਖਾਹ ਦੇ ਨਾਲ ਮਿਲਦੇ ਐਨ.ਪੀ.ਏ ਭੱਤੇ ਵਿੱਚ ਕੀਤੀ ਕਟੌਤੀ ਕਾਰਨ ਡਾਕਟਰਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਡਾਕਟਰਾਂ ਵੱਲੋਂ ਸਰਕਾਰ ਦੇ ਉੱਕਤ ਫੈਸਲੇ ਦਾ ਵਿਰੋਧ ਕਰਦਿਆਂ ਹੜਤਾਲ 'ਤੇ ਜਾਂਦਿਆਂ ਪਿਛਲੇ ਕਈ ਦਿਨਾਂ ਤੋਂ ਓ.ਪੀ.ਡੀ. ਸੇਵਾਵਾਂ ਬੰਦ ਰੱਖ ਕੇ ਮਰੀਜ਼ਾਂ ਦੀ ਸਹੂਲਤ ਲਈ ਸਮਾਨ ਅੰਤਰ ਓ.ਪੀ.ਡੀ ਸੇਵਾਵਾਂ ਆਪਣੇ ਤੌਰ 'ਤੇ ਚਾਲੂ ਰੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਸਰਕਾਰ ਦੇ ਕੰਨਾਂ 'ਤੇ ਕੋਈ ਜੂ ਨਹੀਂ ਸਰਕੀ। ਜਿਸ ਕਾਰਨ ਡਾਕਟਰਾਂ ਵੱਲੋਂ ਆਪਣਾ ਸੰਘਰਸ਼ ਤੇਜ਼ ਕਰਦਿਆਂ ਮੁੜ ਹੜਤਾਲ 'ਤੇ ਜਾਂਦਿਆਂ ਓ.ਪੀ.ਡੀ. ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਐਨ.ਪੀ.ਏ. 'ਚ ਕੀਤੀ ਕਟੌਤੀ ਦੇ ਵਿਰੋਧ 'ਚ ਡਾਕਟਰਾਂ ਨੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪੜ੍ਹੋ ਹੋਰ ਖ਼ਬਰਾਂ : ਨੀਰਜ ਚੋਪੜਾ ਨੇ ਉਸ ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ , ਜਿਸਨੇ ਕਿਹਾ ਸੀ- ਮੈਨੂੰ ਹਰਾਉਣਾ ਮੁਸ਼ਕਲ ਹੈ

ਜਿਸ ਦੇ ਚੱਲਦਿਆਂ ਅੱਜ ਤੀਜੇ ਦਿਨ ਵੀ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਗਿਆ। ਡਾਕਟਰਾਂ ਵੱਲੋਂ ਹੜਤਾਲ 'ਤੇ ਰਹਿੰਦਿਆਂ ਤਰਨਤਾਰਨ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਗੇਟ ਰੈਲੀ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਡਾਕਟਰਾਂ ਦੀ ਜਾਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਨੂੰ ਤਨਖਾਹ ਤੋਂ ਇਲਾਵਾ ਐਨ.ਪੀ.ਏ ਭੱਤਾ ਦਿੱਤਾ ਜਾ ਰਿਹਾ ਹੈ , ਡਾਕਟਰ ਮਿਲ ਰਹੇ 25 ਫੀਸਦੀ ਐਨ.ਪੀ.ਏ ਭੱਤੇ ਦੇ ਵਾਧੇ ਦੀ ਮੰਗ ਕਰਦੇ ਆ ਰਹੇ ਸਨ ਪਰ ਵਾਧੇ ਦੀ ਜਗ੍ਹਾ ਐਨ.ਪੀ. ਏ ਭੱਤੇ ਵਿੱਚ ਕਟੌਤੀ ਕਰ ਦਿੱਤੀ ਹੈ।

ਐਨ.ਪੀ.ਏ. 'ਚ ਕੀਤੀ ਕਟੌਤੀ ਦੇ ਵਿਰੋਧ 'ਚ ਡਾਕਟਰਾਂ ਨੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਡਾਕਟਰਾਂ ਨੂੰ ਵਾਧਾ ਦੇਣ ਦੀ ਥਾਂ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ ,ਇਸਦੇ ਨਾਲ ਹੀ ਡੀ.ਏ ਦੀਆਂ ਕਿਸ਼ਤਾਂ ਪਿਛਲੇ ਲੰਮੇ ਸਮੇਂ ਤੋਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰ ਸਰਕਾਰ ਦੀ ਧੱਕੇਸ਼ਾਹੀ ਨਹੀਂ ਸਹਿਣ ਕਰਨਗੇ। ਉਨ੍ਹਾਂ ਕਿਹਾ ਕਿ ਕਿਹਾ ਪਿਛਲੇ ਕਈ ਦਿਨਾਂ ਤੋਂ ਰੋਸ ਵਜੋਂ ਓ.ਪੀ.ਡੀ. ਸੇਵਾਵਾਂ ਬੰਦ ਰੱਖੀਆਂ ਗਈਆਂ ਸਨ ਅਤੇ ਸਮਾਨ ਅੰਤਰ ਓ.ਪੀ.ਡੀ. ਸੇਵਾਵਾਂ ਆਪਣੇ ਤੌਰ 'ਤੇ ਚਾਲੂ ਰੱਖ ਕੇ ਮਰੀਜ਼ਾਂ ਦੀ ਸਹੂਲਤ ਲਈ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਲੇਕਿਨ ਹੁਣ ਸੰਘਰਸ਼ ਤੇਜ਼ ਕਰਦਿਆਂ ਅੱਜ ਤੀਜੇ ਦਿਨ ਵੀ ਓ.ਪੀ.ਡੀ. ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰਕੇ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹੈ।

ਐਨ.ਪੀ.ਏ. 'ਚ ਕੀਤੀ ਕਟੌਤੀ ਦੇ ਵਿਰੋਧ 'ਚ ਡਾਕਟਰਾਂ ਨੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸਿਰਫ ਐਮਰਜੈਂਸੀ ਸੇਵਾਵਾਂ ਹੀ ਜਾਰੀ ਰੱਖੀਆਂ ਗਈਆਂ ਹਨ ਤਾਂ ਜੋ ਮਰੀਜ਼ਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਡਾਕਟਰਾਂ ਦਾ ਐਨ.ਪੀ ਏ ਭੱਤਾ ਪਹਿਲਾਂ ਦੀ ਤਰ੍ਹਾਂ ਜਾਰੀ ਨਾ ਰੱਖਿਆ ਤਾਂ ਡਾਕਟਰ ਆਉਂਦੇ ਦਿਨਾਂ ਵਿੱਚ ਮੁਕੰਮਲ ਕੰਮਕਾਜ ਠੱਪ ਕਰ ਦੇਣਗੇ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਡਾਕਟਰਾਂ ਖ਼ਿਲਾਫ਼ ਇਸ ਤਰ੍ਹਾਂ ਦੇ ਰਵੱਈਏ ਨੂੰ ਦੇਖਦਿਆਂ ਲੱਗਦਾ ਹੈ ਸਰਕਾਰ ਲੋਕਾਂ ਕੋਲੋਂ ਸਸਤੀਆਂ ਸਿਹਤ ਸਹੂਲਤਾਂ ਖੋਹ ਕੇ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕਰ ਰਹੀ ਹੈ। ਉਧਰ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ਾਂ ਨੇ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮਰੀਜ਼ਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਸਰਕਾਰ ਨੂੰ ਡਾਕਟਰਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ।

-PTCNews

Related Post