ਅੰਨਦਾਤੇ ਨਾਲ ਖੜ੍ਹਿਆ ਸਰਬੱਤ ਦਾ ਭਲਾ ਟਰੱਸਟ, ਭੇਜੀ ਰਾਸ਼ਨ ਸਮੱਗਰੀ

By  Jagroop Kaur November 26th 2020 08:23 PM

ਅਕਸਰ ਹੀ ਲੋੜਵੰਦਾਂ ਲਈ ਮੋਹਰੀ ਬਣ ਅੱਪੜਨ ਵਾਲੇ ਸਮਾਜ ਸੇਵੀ ਅਤੇ ਲੋਕ-ਦਰਦੀ ਡਾ: ਐਸ.ਪੀ.ਸਿੰਘ ਓਬਰਾਏ ਹੁਣ ਇਕ ਵਾਰ ਫਿਰ ਤੋਂ ਅੱਗੇ ਆਏ ਹਨ , ਜਿਥੇ ਉਹ ਹੁਣ ਕਿਸਾਨਾਂ ਦੇ ਹੱਕ 'ਚ ਖੜੇ ਹੋਏ ਹਨ। ਦਰਅਸਲ ਡਾ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੰਗਰ ਵਾਸਤੇ ਵੱਖ-ਵੱਖ ਥਾਵਾਂ ਤੋਂ 20 ਟਨ ਦੇ ਕਰੀਬ ਸੁੱਕੀ ਰਸਦ ਭੇਜੀ ਗਈ ਹੈ।

ਟਰੱਸਟ ਵੱਲੋਂ ਅੱਜ ਪਹਿਲੇ ਪੜਾਅ ਤਹਿਤ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨ ਆਗੂਆਂ ਨੂੰ ਰਸਦਾਂ ਮੁਹੱਈਆ ਕਰਨ ਤੋਂ ਇਲਾਵਾ ਸ਼ੰਭੂ ਬੈਰੀਅਰ 'ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਲੰਗਰ ਵਾਸਤੇ ਬਾਬਾ ਹਰਨੇਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਰਾਸ਼ਨ-ਰਸਦਾਂ ਸਪੁਰਦ ਕੀਤੀਆਂ ਗਈਆਂ ਹਨ। ਭੇਜੀ ਗਈ ਸਮਗਰੀ ਵਿਚ ਲੋੜ ਹੀ ਹਰ ਵਸਤੂ ਹੈ , ਜੋ ਕਿਸਾਨਾਂ ਲਈ ਲਾਹੇਵੰਦ ਹੋਵੇਗੀ।

ਕਿਸਾਨਾਂ ਲਈ ਰਾਸ਼ਨ ਸਮੱਗਰੀ ਦੇਣ ਮੌਕੇ 'ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਲਾਹਕਾਰ ਮਾਝਾ ਜ਼ੋਨ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਲਾਡੀ ਅਤੇ ਨਵਜੀਤ ਸਿੰਘ ਘਈ ਨੇ ਕਿਹਾ ਕਿ ਕਰੋਨਾ ਸੰਕਟ ਵੇਲੇ ਤੋਂ ਹੀ ਡਾ: ਓਬਰਾਏ ਦੇ ਨਿਰਦੇਸ਼ਾਂ 'ਤੇ ਹਰ ਲੋੜਵੰਦ ਵਰਗ ਦੀ ਬਾਂਹ ਫੜਨ ਦਾ ਸਿਲਸਿਲਾ ਜਾਰੀ ਹੈ ਅਤੇ ਹੁਣ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮਦਦ ਲਈ ਵੀ ਸਰਬੱਤ ਦਾ ਭਲਾ ਟਰੱਸਟ ਹਾਜ਼ਰ ਹੈ।

S.P. Singh Oberoi, Chairman of 'Sarbat Da Bhala' Charitable Trust tests  Covid-19 positive, admitted to PGI - Dainik Savera

ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਅਤੇ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਜੋਗਿੰਦਰ ਗੋਪਾਲਪੁਰਾ ਨੇ ਕਿਸਾਨ ਸੰਘਰਸ਼ ਦੌਰਾਨ ਯੋਗਦਾਨ ਦੇਣ ਵਾਸਤੇ ਡਾ: ਐਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾ: ਓਬਰਾਏ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਹੱਕਾਂ ਲਈ ਲੜਨ ਵਾਲਿਆਂ ਦੇ ਨਾਲ ਡੱਟ ਕੇ ਖੜੇ ਹਨ, ਅਤੇ ਆਉਣ ਵਾਲੇ ਸਮੇਂ 'ਚ ਵੀ ਅੰਨਦਾਤਾ ਦੇ ਨਾਲ ਖੜੇ ਰਹਿਣ ਦੀ ਗੱਲ ਆਖੀ।

Related Post