ਐਲਾਂਟੇ ਮਾਲ ਦੇ ਰੈਸਟੋਰੈਂਟ ਨੂੰ ਟੁੱਟੇ ਦੰਦ ਲਈ 30,000 ਰੁਪਏ ਮੁਆਵਜ਼ਾ ਦੇਣ ਦੇ ਹੁਕਮ

By  Jasmeet Singh October 20th 2022 07:03 PM -- Updated: October 20th 2022 07:09 PM

ਚੰਡੀਗੜ੍ਹ, 20 ਅਕਤੂਬਰ: ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਚੰਡੀਗੜ੍ਹ ਨੇ ਐਲਾਂਟੇ ਦੇ ਇੱਕ ਰੈਸਟੋਰੈਂਟ ਨੂੰ ਹੁਕਮ ਕੀਤਾ ਕਿ ਉਹ ਇੱਕ ਸ਼ਹਿਰ ਵਾਸੀ ਨੂੰ 30,000 ਰੁਪਏ ਦਾ ਮੁਆਵਜ਼ਾ ਅਦਾ ਕਰੇ ਕਿਉਂਕਿ ਆਊਟਲੈੱਟ ਵਲੋਂ ਪਰੋਸੇ ਗਏ ਪਾਸਤਾ ਵਿੱਚ ਮਿਲੇ ਸਖ਼ਤ ਪਦਾਰਥ ਕਾਰਨ ਉਸ ਦਾ ਇੱਕ ਦੰਦ ਟੁੱਟ ਗਿਆ।

ਕਮਿਸ਼ਨ ਨੇ ਰੈਸਟੋਰੈਂਟ ਨੂੰ ਸ਼ਿਕਾਇਤਕਰਤਾ ਦੇ ਦੰਦਾਂ ਦੇ ਇਲਾਜ 'ਤੇ ਖਰਚ ਕੀਤੇ 23,000 ਰੁਪਏ ਦਾ ਭੁਗਤਾਨ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਸੈਕਟਰ 37 ਦੇ ਵਸਨੀਕ ਸੁਮਿਤ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਪਤਨੀ ਨਾਲ 18 ਫਰਵਰੀ 2021 ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਐਲਾਂਟੇ ਦੇ ਬੋਟਹਾਊਸ ਰੈਸਟੋਰੈਂਟ ਵਿੱਚ ਗਿਆ ਸੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਦਿੱਤਾ। ਕੁਮਾਰ ਮੁਤਾਬਕ ਪਾਸਤਾ ਖਾਂਦੇ ਸਮੇਂ ਉਸ ਦੇ ਦੰਦਾਂ 'ਚ ਕੋਈ ਸਖ਼ਤ ਪਦਾਰਥ ਫਸ ਗਿਆ ਜਿਸ ਨਾਲ ਦਰਦ ਛਿੜ ਗਿਆ। ਸਖ਼ਤ ਪਦਾਰਥ ਕਾਰਨ ਉਸ ਦਾ ਦੰਦ ਟੁੱਟ ਗਿਆ ਅਤੇ ਉਸ ਵਿੱਚੋਂ ਖੂਨ ਵਹਿਣ ਲੱਗ ਪਿਆ। ਇਨ੍ਹਾਂ ਹੀ ਨਹੀਂ ਉਸਨੇ ਦੋਸ਼ ਲਾਇਆ ਕਿ ਵਾਸ਼ਰੂਮ ਵਿੱਚ ਮੂੰਹ ਸਾਫ਼ ਕਰ ਪਰਤਿਆ ਤਾਂ ਪਾਸਤਾ ਵਾਲੀ ਪਲੇਟ ਡਾਇਨਿੰਗ ਟੇਬਲ ਤੋਂ ਗਾਇਬ ਸੀ।

ਇਸਤੇ ਮੈਨੇਜਰ ਨੇ ਘਟਨਾ 'ਤੇ ਅਫ਼ਸੋਸ ਜਤਾਇਆ ਅਤੇ ਭਰੋਸਾ ਦਿੱਤਾ ਕਿ ਡਾਕਟਰੀ ਖਰਚਾ ਰੈਸਟੋਰੈਂਟ ਵੱਲੋਂ ਅਦਾ ਕੀਤਾ ਜਾਵੇਗਾ। ਅਗਲੇ ਦਿਨ ਡੈਂਟਿਸਟ ਕੋਲ ਇਲਾਜ ਮਗਰੋਂ ਜਦੋਂ ਉਹ ਰੈਸਟੋਰੈਂਟ ਗਿਆ ਤੇ 23,500 ਰੁਪਏ ਦਾ ਮੈਡੀਕਲ ਖਰਚਾ ਦੇਣ ਦੀ ਮੰਗ ਕੀਤੀ ਤਾਂ ਰੈਸਟੋਰੈਂਟ ਨੇ ਫੂਡ ਵਾਊਚਰ/ਕੂਪਨ ਦੀ ਪੇਸ਼ਕਸ਼ ਕੀਤੀ ਜਿਸ ਨੂੰ ਪੀੜਤ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਰੈਸਟੋਰੈਂਟ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ। ਕਮਿਸ਼ਨ ਵਲੋਂ ਨੋਟਿਸ ਅਤੇ ਮੌਕੇ ਦੇਣ ਦੇ ਬਾਵਜੂਦ ਰੈਸਟੋਰੈਂਟ ਦੀ ਤਰਫੋਂ ਕੋਈ ਪੇਸ਼ ਨਹੀਂ ਹੋਇਆ। ਇਸ ਲਈ ਰੈਸਟੋਰੈਂਟ ਨੂੰ 6 ਅਪ੍ਰੈਲ 2022 ਨੂੰ ਆਰਜ਼ੀ ਹੁਕਮ ਜਾਰੀ ਕਰ ਦਿੱਤੇ।

ਇਹ ਵੀ ਪੜ੍ਹੋ: ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਦਿੱਤਾ ਅਸਤੀਫ਼ਾ

ਜਿਸ ਤੋਂ ਬਾਅਦ ਕਮਿਸ਼ਨ ਨੇ ਰੈਸਟੋਰੈਂਟ ਨੂੰ ਸੇਵਾਵਾਂ ਦੀ ਘਾਟ ਅਤੇ ਅਨੁਚਿਤ ਵਪਾਰਕ ਅਭਿਆਸ ਦਾ ਦੋਸ਼ੀ ਠਹਿਰਾਇਆ। ਕਮਿਸ਼ਨ ਨੇ ਰੈਸਟੋਰੈਂਟ ਨੂੰ 'ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006' ਦੇ ਤਹਿਤ ਨਿਰਧਾਰਿਤ ਮਾਪਦੰਡਾਂ ਅਨੁਸਾਰ ਸੁਰੱਖਿਅਤ ਭੋਜਨ ਪਰੋਸਣ 'ਚ ਨਾ ਸਿਰਫ ਅਸਫਲ ਰਹਿਣ ਸਗੋਂ ਗੈਰ-ਉਚਿਤ ਵਪਾਰਕ ਅਭਿਆਸ ਦੇ ਨਾਲ-ਨਾਲ ਸੇਵਾਵਾਂ ਵਿਚ ਕਮੀਆਂ ਦਾ ਦੋਸ਼ੀ ਪਾਇਆ। ਇਸ ਦੇ ਮੱਦੇਨਜ਼ਰ ਰੈਸਟੋਰੈਂਟ ਨੂੰ ਸ਼ਿਕਾਇਤਕਰਤਾ ਨੂੰ ਟੁੱਟੇ ਦੰਦ ਦੇ ਇਲਾਜ ਲਈ ਅਦਾ ਕੀਤੀ ਗਈ 23,500 ਰੁਪਏ ਦੀ ਰਕਮ ਵਾਪਸ ਕਰਨ ਅਤੇ ਘਾਟ/ਲਾਪਰਵਾਹੀ ਸੇਵਾਵਾਂ ਲਈ ਮੁਆਵਜ਼ੇ ਵਜੋਂ 30,000 ਰੁਪਏ ਦੀ ਸੰਯੁਕਤ ਰਕਮ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

-PTC News

Related Post