ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਰਹੂਮ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

By  Shanker Badra August 21st 2018 05:23 PM

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਰਹੂਮ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ:ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਪ੍ਰਕਾਸ਼ ਸਿੰਘ ਬਾਦਲ ਅੱਜ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ ਤੇ ਪੁੱਜੇ ਅਤੇ ਉਹਨਾਂ ਨੇ ਮਰਹੂਮ ਪ੍ਰਧਾਨ ਮੰਤਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।ਉਹਨਾਂ ਨੇ ਸ੍ਰੀ ਵਾਜਪਾਈ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਦੋਸਤ ਕਰਾਰ ਦਿੱਤਾ।

ਮਰਹੂਮ ਪ੍ਰਧਾਨ ਮੰਤਰੀ ਦੀ ਬੇਟੀ ਨਮਿਤਾ ਕੌਲ ਭੱਟਾਚਾਰੀਆ ਸਮੇਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸ.ਬਾਦਲ ਨੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਵੱਲੋਂ ਸੂਬੇ ਪ੍ਰਤੀ ਦਿਖਾਈ ਗਈ ਖੁੱਲ ਦਿਲੀ ਨੂੰ ਪੰਜਾਬੀ ਕਦੇ ਵੀ ਨਹੀਂ ਭੁੱਲਣਗੇ। ਉਹਨਾਂ ਨੇ ਦੋ ਮਿਸਾਲਾਂ ਦਿੰਦਿਆਂ ਦੱਸਿਆ ਕਿ ਖਾਲਸਾ ਸਾਜਣਾ ਦਿਵਸ ਦੀ 350ਵੀਂ ਵਰ੍ਹੇ ਗੰਢ ਦੇ ਮੌਕੇ ਵਾਜਪਾਈ ਨੇ ਨਾ ਸਿਰਫ ਸੂਬੇ ਨੂੰ ਇਹ ਪੁੱਛਿਆ ਸੀ ਦੱਸੋ ਕੀ ਚਾਹੀਦਾ ਹੈ, ਸਗੋਂ ਇਹਨਾਂ ਜਸ਼ਨਾਂ ਨੂੰ ਸ਼ਾਨੋ ਸ਼ੌਕਤ ਨਾਲ ਮਨਾਉਣ ਵਾਸਤੇ 100 ਕਰੋੜ ਰੁਪਏ ਵੀ ਦਿੱਤੇ ਸਨ।ਸ.ਬਾਦਲ ਨੇ ਦੱਸਿਆ ਕਿ ਇਸੇ ਤਰ੍ਹਾਂ ਜਦੋਂ ਉਹਨਾਂ ਨੇ ਮਰਹੂਮ ਪ੍ਰਧਾਨ ਮੰਤਰੀ ਨੂੰ ਮਿਲ ਕੇ ਦੱਸਿਆ ਕਿ ਕਿਸ ਤਰ੍ਹਾਂ ਕਾਂਗਰਸ ਸਰਕਾਰਾਂ ਨੇ ਲਗਾਤਾਰ ਸੂਬੇ ਨਾਲ ਵਿਤਕਰਾ ਕੀਤਾ ਹੈ ਅਤੇ ਪੰਜਾਬ ਅੰਦਰ ਰਿਫਾਈਨਰੀ ਲਾਏ ਜਾਣ ਵਾਸਤੇ ਬੇਨਤੀ ਕੀਤੀ ਸੀ ਤਾਂ ਵਾਜਪਾਈ ਨੇ ਸਿਰਫ ਪੰਜ ਦਿਨਾਂ ਵਿਚ ਇਸ ਬਾਰੇ ਫੈਸਲਾ ਲੈ ਲਿਆ ਸੀ ਅਤੇ ਪੰਜਾਬ ਵਿਚ 16 ਹਜ਼ਾਰ ਕਰੋੜ ਦਾ ਬਠਿੰਡਾ ਰੀਫਾਇਨਰੀ ਪ੍ਰਾਜੈਕਟ ਲਗਾਏ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਇਸ ਮੁਲਾਕਾਤ ਦੌਰਾਨ ਸ.ਬਾਦਲ ਨੇ ਸਵਰਗੀ ਪ੍ਰਧਾਨ ਮੰਤਰੀ ਧਰਮ ਨਿਰਪੱਖ ਸੁਭਾਅ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਸ੍ਰੀ ਵਾਜਪਾਈ ਨੇ ਦਿੱਲੀ ਵਿਚ ਸਿੱਖਾਂ ਦੇ ਕੀਤੇ ਕਤਲੇਆਮ ਦਾ ਵਿਰੋਧ ਕੀਤਾ ਸੀ ਅਤੇ ਬਾਅਦ ਵਿਚ ਆਪਣੇ ਇਸ ਸਟੈਂਡ ਦੀ ਕੀਮਤ ਗਵਾਲੀਅਰ ਤੋਂ ਚੋਣ ਹਾਰ ਕੇ ਚੁਕਾਈ ਸੀ।

ਵਾਇਰਲ ਦੀ ਸ਼ਿਕਾਇਤ ਕਰਕੇ ਸ੍ਰੀ ਵਾਜਪਾਈ ਦੀਆਂ ਅੰਤਮ ਰਸਮਾਂ ਵਿਚ ਸ਼ਾਮਿਲ ਨਾ ਹੋ ਸਕੇ ਸਾਬਕਾ ਮੁੱਖ ਮੰਤਰੀ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਸਵਰਗੀ ਪ੍ਰਧਾਨ ਮੰਤਰੀ ਅਕਾਲੀ ਦਲ ਉੱਤੇ ਭਰੋਸਾ ਕਰਦੇ ਸਨ ਅਤੇ ਅਕਾਲੀ ਦਲ ਵੀ ਉਹਨਾਂ ਉੱਤੇ ਪੂਰਾ ਵਿਸ਼ਵਾਸ਼ ਕਰਦਾ ਸੀ।ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਕਸਰ ਕਹਿੰਦੇ ਹੁੰਦੇ ਸਨ ਕਿ ਅਕਾਲੀ ਦਲ ਇੱਕ ਅਜਿਹਾ ਗਠਜੋੜ ਸਹਿਯੋਗੀ ਹੈ, ਜਿਸ ਉੱਤੇ ਪੂਰਾ ਭਰੋਸਾ ਕਰ ਸਕਦੇ ਹਨ।ਉਹਨਾਂ ਇਹ ਵੀ ਯਾਦ ਕੀਤਾ ਕਿ ਕਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੇ ਪੋਖਰਨ ਪ੍ਰਮਾਣੂ ਧਮਾਕਿਆਂ ਅਤੇ ਕਾਰਗਿਲ ਦੀ ਲੜਾਈ ਸਮੇਂ ਇੱਕ ਫੌਲਾਦੀ ਇਰਾਦੇ ਵਾਲੇ ਆਗੂ ਹੋਣ ਦਾ ਸਬੂਤ ਦਿੱਤਾ ਸੀ।ਇਸ ਮੌਕੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਵੀ ਹਾਜ਼ਿਰ ਸਨ।

-PTCNews

Related Post