ਗੂਗਲ ਅਤੇ ਫੇਸਬੁੱਕ ਵੱਲੋਂ ਆਪਣੇ ਕਰਮਚਾਰੀਆਂ ਲਈ ਵੱਡਾ ਐਲਾਨ, ਹੁਣ ਇਸ ਤਰ੍ਹਾਂ ਚੱਲੇਗਾ ਕੰਮ

By  Kaveri Joshi May 8th 2020 07:12 PM

ਨਵੀਂ ਦਿੱਲੀ: ਗੂਗਲ ਅਤੇ ਫੇਸਬੁੱਕ ਵੱਲੋਂ ਆਪਣੇ ਕਰਮਚਾਰੀਆਂ ਲਈ ਵੱਡਾ ਐਲਾਨ, ਹੁਣ ਇਸ ਤਰ੍ਹਾਂ ਚੱਲੇਗਾ ਕੰਮ: ਕੋਰੋਨਾਵਾਇਰਸ ਦੇ ਬਚਾਅ ਹਿਤ ਬਹੁਤ ਸਾਰੀਆਂ ਕੰਪਨੀਆਂ ਘਰੋਂ ਕੰਮ ਕਰਨ ਨੂੰ ਤਰਜੀਹ ਦੇ ਰਹੀਆਂ ਹਨ , ਇਸੇ ਦੌਰਾਨ ਪ੍ਰਮੁੱਖ ਕੰਪਨੀਆਂ ਫੇਸਬੁੱਕ ਅਤੇ ਗੂਗਲ ਜਲਦ ਹੀ ਕੰਪਨੀਆਂ ਖੋਲ੍ਹਣ ਵਾਲੀਆਂ ਹਨ , ਇਹੀ ਨਹੀਂ ਇਹਨਾਂ ਕੰਪਨੀਆਂ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਪੂਰਾ ਸਾਲ ਘਰੋਂ ਕੰਮ ਕਰਨ ਦੀ ਆਗਿਆ ਵੀ ਦਿੱਤੀ ਹੈ । ਗੂਗਲ ਅਨੁਸਾਰ ਇੱਕ ਜੂਨ ਤੱਕ ਜਾਰੀ ਪਾਲਿਸੀ ਤਹਿਤ ਵਰਕ ਫਰਾਮ ਹੋਮ ਜਾਰੀ ਰਹੇਗਾ ਅਤੇ ਇਸ ਉਪਰੰਤ ਦਸੰਬਰ 2020 ਤੱਕ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਕਰਨ ਦੀ ਆਗਿਆ ਮਿਲੇਗੀ ਯਾਨੀ ਕਿ ਇਹ ਪੂਰਾ ਸਾਲ ਤੱਕ ਚੱਲ ਸਕੇਗਾ ।

ਦੱਸ ਦੇਈਏ ਕਿ ਗੂਗਲ ਦੇ ਮੁੱਖ ਕਾਰਜਕਾਰ ਅਧਿਕਾਰੀ ਸੁੰਦਰ ਪਿਚਾਈ ਅਨੁਸਾਰ ਸੀਮਤ ਕਰਮਚਾਰੀ ਜਾਂ ਫਿਰ ਉਹ ਕਰਮਚਾਰੀ ਜਿਨ੍ਹਾਂ ਦਾ ਦਫ਼ਤਰ ਜਾਏ ਬਿਨ੍ਹਾਂ ਨਹੀਂ ਸਰਦਾ ਉਹ ਜੁਲਾਈ ਤੋਂ ਆ ਸਕਦੇ ਹਨ , ਪਰ ਇਸ ਲਈ ਆਪਣੇ ਬਚਾਅ ਲਈ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ । ਜਿਹਨਾਂ ਨੂੰ ਘਰੋਂ ਕੰਮ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ ਉਹ ਸਾਰਾ ਸਾਲ ਘਰੋਂ ਕੰਮ ਕਰ ਸਕਦੇ ਹਨ ।

ਓਧਰ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਦਾ ਕਹਿਣਾ ਹੈ ਕਿ ਦਸੰਬਰ 2020 ਤੱਕ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜ਼ਾਜ਼ਤ ਹੋਵੇਗੀ । ਦੱਸ ਦੇਈਏ ਕਿ ਫੇਸਬੁੱਕ 6 ਜੁਲਾਈ ਤੋਂ ਆਪਣਾ ਦਫ਼ਤਰ ਖੋਲ੍ਹ ਸਕਦੀ ਹੈ, ਪਰ ਕਰਮਚਾਰੀਆਂ ਦੀ ਸੰਖਿਆ ਘੱਟ ਹੋਏਗੀ । ਜ਼ਿਕਰਯੋਗ ਹੈ ਕਿ ਇਹਨਾਂ ਕੰਪਨੀਆਂ 'ਚ ਕੰਮ ਕਰਨ ਵਾਲੇ ਕਰਮਚਾਰੀ , ਜੋ ਕਿ ਆਫ਼ਿਸ ਆਉਣਗੇ ਉਹਨਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਬਹੁਤ ਖ਼ਿਆਲ ਰੱਖਿਆ ਜਾਵੇਗਾ , ਸਿਰਫ਼ ਇਹੀ ਨਹੀਂ ਮੰਨੀ-ਪ੍ਰਮੰਨੀ ਫੇਸਬੁੱਕ ਕੰਪਨੀ ਵਲੋਂ ਵਰਕ ਫਰਾਮ ਹੋਮ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਤੇ ਬੋਨਸ ਵੀ ਦਿੱਤਾ ਜਾ ਰਿਹਾ ਹੈ ।

ਇਸ ਦੌਰਾਨ ਐਮਾਜ਼ੋਨ ਨੇ ਵੀ ਕਿਹਾ ਹੈ ਕਿ 2 ਅਕਤੂਬਰ ਤੱਕ ਕਰਮਚਾਰੀ ਘਰ ਤੋਂ ਕੰਮ ਕਰਨਗੇ ਪਰ ਕੁਝ ਪ੍ਰਤੀਸ਼ਤ ਕਰਮਚਾਰੀ ਆਫ਼ਿਸ ਤੋਂ ਵੀ ਕੰਮ ਕਰ ਸਕਦੇ ਹਨ। ਕੋਰੋਨਾਵਾਇਰਸ ਕਾਰਨ ਆਪਣੇ ਕਰਮਚਾਰੀਆਂ ਦੀ ਸਿਹਤ ਪ੍ਰਤੀ ਲਿਆ ਗਿਆ ਇਹ ਫੈਸਲਾ ਸਰਾਹੁਣਯੋਗ ਹੈ , ਉਮੀਦ ਹੈ ਕਿ ਅਜਿਹੇ ਫੈਸਲੇ ਕਿਸੇ ਹੱਦ ਤੱਕ ਕੋਰੋਨਾ ਦੇ ਪ੍ਰਸਾਰ ਨੂੰ ਘੱਟ ਕਰਨ 'ਚ ਸਹਾਈ ਹੋ ਸਕਦੇ ਹਨ ।

Related Post