ਕਿਸਾਨ ਜਥੇਬੰਦੀਆਂ ਦਾ ਐਲਾਨ, 5 ਜੁਲਾਈ ਤੱਕ ਨਾ ਠੀਕ ਹੋਈ ਬਿਜਲੀ ਸਪਲਾਈ ਤਾਂ ਹੋਵੇਗਾ ਵਿਸ਼ਾਲ ਧਰਨਾ-ਪ੍ਰਦਰਸ਼ਨ

By  Baljit Singh July 1st 2021 07:26 PM

ਨਵੀਂ ਦਿੱਲੀ: 32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਕਿਸਾਨ ਆਗੂ ਹਰਜਿੰਦਰ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੇ ਪੰਜਾਬ ਵਿੱਚ ਡੂੰਘੇ ਹੋ ਰਹੇ ਬਿਜਲੀ ਸੰਕਟ ਨੂੰ ਗੰਭੀਰਤਾ ਨਾਲ ਵਿਚਾਰਿਆ ਕਿਉਕਿ ਝੋਨੇ ਦੇ ਸੀਜ਼ਨ ਵਿੱਚ ਸਰਕਾਰ ਦੇ ਐਲਾਨ ਅਨੁਸਾਰ 8 ਘੰਟੇ ਬਿਜਲੀ ਸਪਲਾਈ ਦੀ ਬਜਾਇ ਟੁੱਟਵੀਂ ਤਿੰਨ ਜਾਂ ਚਾਰ ਘੰਟੇ ਸਪਲਾਈ ਆਉਦੀ ਹੈ ਜਿਸ ਕਰਕੇ ਝੋਨੇ ਦੀ ਬਿਜਾਈ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਬਿਜਾਈ ਪਛੜ ਰਹੀ ਹੈ।

ਪੜੋ ਹੋਰ ਖਬਰਾਂ: ਬਰਗਾੜੀ ਮੋਰਚਾ ਮੁੜ ਸ਼ੁਰੂ ਕਰਨ ਪੁੱਜੇ ਸਿਮਰਨਜੀਤ ਮਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਇਸੇ ਤਰਾਂ ਨਹਿਰੀ ਪਾਣੀ ਰਜਵਾਹਿਆਂ ਵਿੱਚ ਨਾ ਸਮੇਂ ਸਿਰ ਛੱਡਿਆ ਜਾਂਦਾ ਹੈ ਅਤੇ ਇਸਦੀ ਘੱਟ ਮਾਤਰਾ ਹੋਣ ਕਰਕੇ ਟੇਲਾਂ ਉੱਪਰ ਪਾਣੀ ਬਿਲਕੁਲ ਵੀ ਨਹੀਂ ਪਹੁੰਚਦਾ। ਪੰਜਾਬ ਪਾਣੀ ਦਾ ਭੰਡਾਰ ਹੈ, ਸਾਰੇ ਦਰਿਆ ਪੰਜਾਬ ਵਿੱਚੋਂ ਵਹਿੰਦੇ ਹਨ ਪਰ ਪੰਜਾਬ ਦੀ ਧਰਤੀ ਅਤੇ ਕਿਸਾਨ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਹਨ। ਮੀਟਿੰਗ ਨੇ ਇਹ ਵੀ ਨੋਟ ਕੀਤਾ ਕਿ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਅਸਿੱਧੇ ਢੰਗ ਨਾਲ ਲਾਗੂ ਕਰਦੇ ਹੋਏ ਬਿਜਲੀ ਅਤੇ ਪਾਣੀ ਦਾ ਸੰਕਟ ਖੜਾ ਕੀਤਾ ਜਾ ਰਿਹਾ ਤਾਂ ਜੋ ਕਿਸਾਨ ਦੁਖੀ ਹੋ ਕੇ ਝੋਨੇ ਅਤੇ ਕਣਕ ਦੀ ਕਾਸ਼ਤ ਨੂੰ ਛੱਡ ਦੇਣ ਜਦੋਂਕਿ ਦੂਜੀਆਂ ਫ਼ਸਲਾਂ ਖਾਸ ਕਰਕੇ ਮੱਕੀ ਤੇ ਹੋਰ ਸਰਕਾਰੀ ਮੁੱਲ ਤੋਂ ਕਿਤੇ ਥੱਲੇ ਖਰੀਦੀਆਂ ਜਾਂਦੀਆਂ ਹਨ। ਸਪਸ਼ਟ ਹੈ ਕਿ ਫ਼ਸਲੀ ਵਿਭਿੰਨਤਾ ਨੂੰ ਸਰਕਾਰ ਆਪਣੇ ਆਪ ਹੀ ਢਾਹ ਲਾ ਰਹੀ ਹੈ।

ਪੜੋ ਹੋਰ ਖਬਰਾਂ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮੁਫਤ ਬਿਜਲੀ ਸਹੂਲਤ ਦੇਣ ਤੋਂ ਭੱਜੇ : ਸੁਖਬੀਰ ਸਿੰਘ ਬਾਦਲ

ਮੀਟਿੰਗ ਨੇ ਨੋਟਿਸ ਲਿਆ ਕਿ ਸਰਕਾਰੀ ਬਿਜਲੀ ਪਲਾਂਟ ਬਠਿੰਡਾ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ, ਲਹਿਰਾ ਮੁਹੱਬਤ ਤੇ ਰੋਪੜ ਆਪਣੀ ਸਮਰੱਥਾ ਤੋਂ ਜਾਣ ਬੁੱਝ ਕੇ ਘੱਟ ਚਲਾਏ ਜਾ ਰਹੇ ਹਨ ਤਾਂ ਜੋ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਮਹਿੰਗੀ ਬਿਜਲੀ ਖਰੀਦਣ ਅਤੇ ਉਨਾਂ ਨੂੰ ਮੁਨਾਫ਼ਾ ਪਹੁੰਚਾਉਣ ਦੇ ਸਮਝੋਤਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਵਿੱਚ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦਣ ਵਿੱਚ ਲਗਾਤਾਰ ਆਨਾਕਾਨੀ ਕਰ ਰਹੀ ਹੈ। ਜਿਸਦਾ ਖਮਿਆਜਾ ਕਿਸਾਨ ਅਤੇ ਪੰਜਾਬ ਦੇ ਲੋਕ ਭੁਗਤ ਰਹੇ ਹਨ।

32 ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ 5 ਜੁਲਾਈ ਤੱਕ ਖੇਤੀਬਾੜੀ ਨੂੰ 16 ਘੰਟੇ ਅਤੇ ਘਰੇਲੂ ਖੇਤਰ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਨਹੀਂ ਤਾਂ 6 ਜੁਲਾਈ ਨੂੰ ਪੰਜਾਬ ਭਰ ਤੋਂ ਭਾਰੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਆਮ ਲੋਕ ਮੁੱਖ ਮੰਤਰੀ ਪੰਜਾਬ ਦੇ ਮੋਤੀ-ਮਹਿਲ ਸਾਹਮਣੇ ਵਿਸ਼ਾਲ ਧਰਨਾ ਪ੍ਰਦਰਸ਼ਨ ਕਰਨਗੇ।

ਪੜੋ ਹੋਰ ਖਬਰਾਂ: ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਅੱਜ ਦੀ ਮੀਟਿੰਗ ਵਿੱਚ ਡਾ. ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਰਾਏ, ਪ੍ਰੇਮ ਸਿੰਘ ਭੰਗੂ, ਨਿਰਭੈ ਸਿੰਘ ਢੁੱਡੀਕੇ, ਉਕਾਰ ਸਿੰਘ ਅਗੌਲ, ਹਰਮੀਤ ਸਿੰਘ ਕਾਦੀਆਂ, ਮੁਕੇਸ਼ ਚੰਦਰ, ਮੇਜਰ ਸਿੰਘ ਪੁੰਨਾਵਾਲ, ਬਲਦੇਵ ਸਿੰਘ ਨਿਹਾਲਗੜ, ਬਲਵੰਤ ਸਿੰਘ ਬਹਿਰਾਮਕੇ, ਹਰਵਿੰਦਰ ਸਿੰਘ ਲੱਖੋਵਾਲ, ਕੰਵਲਪ੍ਰੀਤ ਪੰਨੂੰ ਅਤੇ ਰਵਿੰਦਰ ਕੌਰ ਗਿੱਲ ਆਦਿ ਸਮੇਤ ਕਈ ਹੋਰ ਆਗੂ ਹਾਜ਼ਰ ਸਨ।

-PTC News

Related Post