ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ 'ਚ ਕਿਸਾਨਾਂ ਨੇ ਲਗਾਇਆ ਧਰਨਾ, ਹਾਈਵੇਅ ਕੀਤਾ ਜਾਮ, ਆਵਾਜਾਈ ਕੀਤੀ ਠੱਪ

By  Riya Bawa September 14th 2022 03:53 PM -- Updated: September 14th 2022 04:05 PM

ਜਲੰਧਰ: ਕਿਸਾਨਾਂ ਨੇ ਜਲੰਧਰ ਸ਼ਹਿਰ ਤੋਂ ਕਪੂਰਥਲਾ ਵੱਲ ਜਾਣ ਵਾਲੀ ਸੜਕ ਜਾਮ ਕਰ ਦਿੱਤੀ ਹੈ। ਕਿਸਾਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਰਿਆਣਾ ਨੇੜੇ ਕਪੂਰਥਲਾ ਰੋਡ ਜਾਮ ਕਰ ਦਿੱਤਾ ਗਿਆ ਹੈ। ਕਿਸਾਨ  ਸੜਕ 'ਤੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰਕੇ ਧਰਨੇ 'ਤੇ ਬੈਠ ਗਏ ਹਨ। ਧਰਨੇ ਵਿੱਚ ਕਿਸਾਨ ਔਰਤਾਂ ਵੀ ਸ਼ਾਮਲ ਹਨ। ਕਿਸਾਨਾਂ ਨੇ ਪੰਜਾਬ ਦੇ ਪਾਣੀਆਂ, ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਜਿਸ ਜ਼ਮੀਨ 'ਤੇ ਕਿਸਾਨ ਖੇਤੀ ਕਰ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਹੱਕ ਅਤੇ ਕਰਜ਼ਾ ਮੁਆਫੀ ਲਈ ਧਰਨਾ ਦਿੱਤਾ ਹੈ। ਇਹ ਧਰਨਾ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ 4 ਵਜੇ ਤੱਕ ਜਾਰੀ ਰਹੇਗਾ।

farmers

ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਦਰਿਆਵਾਂ ਅਤੇ ਨਹਿਰਾਂ ਵਿੱਚ ਦੂਸ਼ਿਤ ਪਾਣੀ ਵਹਿ ਰਿਹਾ ਹੈ। ਨੀਵੇਂ ਇਲਾਕਿਆਂ ਦੇ ਲੋਕ ਇਸ ਦੀ ਵਰਤੋਂ ਖੇਤੀ ਲਈ ਕਰ ਰਹੇ ਹਨ। ਇਸ ਦੀ ਵਰਤੋਂ ਉਹ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਵੀ ਕਰਦੇ ਹਨ, ਜਦੋਂ ਕਿ ਗੰਦੇ ਪਾਣੀ ਨੂੰ ਟਰੀਟਮੈਂਟ ਕਰਕੇ ਖੇਤੀ ਲਈ ਦਿੱਤਾ ਜਾਣਾ ਚਾਹੀਦਾ ਹੈ ਪਰ ਉਸ ’ਤੇ ਵੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ।

ਦੱਸ ਦੇਈਏ ਕਿ ਦੋਨਾ ਇਲਾਕੇ ਦੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਵਿਚੋਂ ਲੰਘਦੀ ਮਾਨਵਤਾ ਲਈ ਕਲੰਕ ਦਾ ਰੂਪ ਧਾਰਨ ਕਰ ਚੁੱਕੀ ਬੇਹੱਦ ਦੂਸ਼ਿਤ ਕਾਲਾ ਸੰਘਿਆਂ ਡਰੇਨ ਦਾ ਪਾਣੀ ਲੋਕਾਂ ਨੂੰ ਲਾਇਲਾਜ ਕੈਂਸਰ ਵਰਗੀਆਂ ਬੀਮਾਰੀਆਂ ਦੀ ਲਪੇਟ ਵਿਚ ਲੈ ਰਿਹਾ ਹੈ।ਇਹ ਡਰੇਨ, ਜਿਸ ਦਾ ਨਾਂ ਕਾਲਾ ਸੰਘਿਆਂ ਡਰੇਨ ਰੱਖਿਆ ਗਿਆ ਹੈ, ਦਾ ਕਾਲਾ ਸੰਘਿਆਂ ਪਿੰਡ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਡਰੇਨ ਕਾਲਾ ਸੰਘਿਆਂ ਤੋਂ ਤਕਰੀਬਨ 3 ਕਿਲੋਮੀਟਰ ਬਾਹਰ ਦੀ ਲੰਘਦੀ ਹੈ, ਜਿਸ ਦਾ ਕਈ ਵਾਰ ਕਾਲਾ ਸੰਘਿਆਂ ਦੇ ਲੋਕ ਵਿਰੋਧ ਕਰਦੇ ਹੋਏ ਨਜ਼ਰ ਵੀ ਆਏ।

ਇਹ ਵੀ ਪੜ੍ਹੋ:BMW ਪੰਜਾਬ 'ਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ: ਭਗਵੰਤ ਮਾਨ

ਕਿਸਾਨ ਆਗੂ ਅਤੇ ਕਿਸਾਨ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਿਹਾ ਕਿ ਸਰਕਾਰ ਜ਼ਮੀਨ ਦਾ ਨਿਪਟਾਰਾ ਕਰੇ ਅਤੇ ਇਸ ’ਤੇ ਕਿਰਾਏਦਾਰੀ ਕਰਨ ਵਾਲੇ ਕਿਸਾਨਾਂ ਨੂੰ ਇਸ ਦਾ ਮਾਲਕੀ ਹੱਕ ਦੇਵੇ। ਕਿਸਾਨ ਜ਼ਮੀਨ ਦੇ ਇੱਕ ਟੁਕੜੇ ਨੂੰ ਉਪਜਾਊ ਬਣਾਉਂਦਾ ਹੈ, ਉਸ ਦਾ ਵਿਕਾਸ ਕਰਦਾ ਹੈ ਪਰ ਬਾਅਦ ਵਿੱਚ ਉਸ ਤੋਂ ਜ਼ਮੀਨ ਖੋਹ ਲਈ ਜਾਂਦੀ ਹੈ। ਉਸ ਨੂੰ ਇਸ ਦੀ ਮਲਕੀਅਤ ਮਿਲਣੀ ਚਾਹੀਦੀ ਹੈ। ਸਰਕਾਰ ਨੇ ਅੰਦੋਲਨ ਦੌਰਾਨ ਵਾਅਦਾ ਵੀ ਕੀਤਾ ਸੀ ਪਰ ਅੱਜ ਤੱਕ ਇਸ ਫੈਸਲੇ ’ਤੇ ਅਮਲ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਨਵੀਂ ਸਰਕਾਰ ਆਉਣ ਨਾਲ ਇਹ ਪ੍ਰਕਿਰਿਆ ਰੁਕ ਗਈ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਾਅਦੇ ਮੁਤਾਬਕ ਕਿਸਾਨਾਂ ਦੇ ਕਰਜ਼ੇ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਅਤੇ ਇਸ ਦੀ ਅਦਾਇਗੀ ਲਈ ਉਪਰਾਲੇ ਕੀਤੇ ਜਾਣ। ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨਾਂ, ਵਿਧਾਇਕਾਂ ਦੇ ਘਰਾਂ ਦੇ ਬਾਹਰ ਧਰਨੇ ਵੀ ਲਾਏ ਗਏ ਪਰ ਸਰਕਾਰ 'ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ।

-PTC News

Related Post