ਕਿਸਾਨ ਮੇਲੇ ਦੌਰਾਨ ਨਵੀਂਆਂ ਕਿਸਮਾ ਦੇ ਬੀਜ ਲੈਣ ਪਹੁੰਚੇ ਕਿਸਾਨ ਹੋਏ ਖੱਜਲ ਖੁਆਰ

By  Jasmeet Singh September 29th 2022 05:36 PM

ਮੁਨੀਸ਼ ਗਰਗ, (ਬਠਿੰਡਾ, 29 ਸਤੰਬਰ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਚੰਗੀ ਕਿਸਮ ਦੇ ਨਵੇਂ ਬੀਜ ਉਪਲੱਬਧ ਕਰਾਉਣ ਲਈ ਅਤੇ ਕਿਸਾਨਾਂ ਨੂੰ ਵੱਖ ਵੱਖ ਫ਼ਸਲਾਂ ਸਬੰਧੀ ਜਾਗਰੂਕ ਕਰਵਾਉਣ ਲਈ ਸ਼ੁਰੂ ਕੀਤੇ ਗਏ ਕਿਸਾਨ ਮੇਲੇ ਹੁਣ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਜਾ ਰਹੇ ਹਨ। ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਬਠਿੰਡਾ ਵਿਖੇ ਲਗਾਇਆ ਗਿਆ ਕਿਸਾਨ ਮੇਲਾ ਅੱਜ ਕਿਸਾਨਾਂ ਲਈ ਖੱਜਲ ਖੁਆਰੀ ਦਾ ਮੇਲਾ ਸਾਬਤ ਹੋਇਆ। ਬਠਿੰਡਾ ਦੇ ਡੱਬਵਾਲੀ ਰੋਡ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਗਏ ਕਿਸਾਨ ਮੇਲੇ ਦੌਰਾਨ ਦੂਰ ਦੂਰ ਤੋਂ ਵੱਖ ਵੱਖ ਫ਼ਸਲਾਂ ਦੇ ਨਵੇਂ ਕਿਸਮ ਦੇ ਬੀਜ ਲੈਣ ਆਏ ਕਿਸਾਨ ਜਿੱਥੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਪ੍ਰਬੰਧਾਂ ਤੋਂ ਨਾਖੁਸ਼ ਨਜ਼ਰ ਆਏ ਉੱਥੇ ਹੀ ਕਿਸਾਨਾਂ ਵੱਲੋਂ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਕਿਸਾਨ ਪੱਖੀ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਤੇ ਸੁਆਲੀਆ ਨਿਸ਼ਾਨ ਵੀ ਖੜ੍ਹੇ ਕੀਤੇ। ਕਿਸਾਨਾਂ ਨੇ ਕਿਹਾ ਕਿ ਉਹ ਸਵੇਰ ਤੋਂ ਭੁੱਖਣ ਭਾਣੇ ਲਾਈਨ ਵਿੱਚ ਲੱਗੇ ਹੋਏ ਹਨ ਤਾਂ ਜੋ ਉਨ੍ਹਾਂ ਨੂੰ ਕਣਕ ਦੇ ਬੀਜ ਮਿਲ ਸਕੇ ਪਰ ਦੁਪਹਿਰ ਦਾ ਸਮਾਂ ਹੋ ਜਾਣ ਦੇ ਬਾਵਜੂਦ ਹਾਲੇ ਤਕ ਉਨ੍ਹਾਂ ਨੂੰ ਕਣਕ ਦੇ ਬੀਜ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕਿਸਾਨਾਂ ਨੂੰ ਬਿਹਤਰ ਬੀਜ ਉਪਲੱਬਧ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਪ੍ਰਤੀ ਕਿਸਾਨ ਦੋ ਕਿਲੋ ਹੀ ਕਣਕ ਦਾ ਬੀਜ ਉਪਲੱਬਧ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਇਕ ਕਨਾਲ ਜਗ੍ਹਾ ਵਿੱਚ ਵੀ ਕਣਕ ਨਹੀਂ ਬੀਜੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ ਨੂੰ ਸਬਸਿਡੀ ਅਤੇ ਹੋਰ ਬਣਦੀਆਂ ਸਹੂਲਤਾਂ ਨਾ ਦੇਵੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੱਕ ਬਿਹਤਰ ਬੀਜ ਕਿਸਾਨਾਂ ਨੂੰ ਉਪਲੱਬਧ ਕਰਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ ਦੀ ਚੰਗੀ ਪੈਦਾਵਾਰ ਲੈ ਸਕਣ। ਵੱਖ ਵੱਖ ਥਾਵਾਂ ਤੋਂ ਆਏ ਕਿਸਾਨਾਂ ਦਾ ਕਹਿਣਾ ਸੀ ਕਿ ਸਵੇਰ ਦੇ ਲਾਈਨਾਂ ਵਿੱਚ ਲੱਗੇ ਇੱਥੇ ਪੀਣ ਦੇ ਪਾਣੀ ਤੱਕ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਪਦੀ ਦੁਪਹਿਰ ਵਿੱਚ ਉਹ ਸਿਰਫ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕਣਕ ਦਾ ਬੀਜ ਮਿਲ ਸਕੇ ਪਰ ਸੰਭਾਵਨਾ ਨਹੀਂ ਲੱਗ ਰਹੀ ਕਿਉਂਕਿ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਕਿਸਾਨਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ ਕਿਸਾਨ ਮੇਲੇ ਵਿੱਚ ਉਹ ਆਪਣੀਆਂ ਫ਼ਸਲਾਂ ਨੂੰ ਬਚਾਉਣ ਅਤੇ ਹੋਰ ਫਸਲਾਂ ਦੀ ਜਾਣਕਾਰੀ ਲੈਣ ਲਈ ਆਏ ਸਨ ਪਰ ਉਨ੍ਹਾਂ ਨੂੰ ਕੋਈ ਜਾਣਕਾਰੀ ਮੁਹਇਆ ਨਹੀਂ ਹੋ ਰਹੀ ਹੈ। ਉਧਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਬੀਜ ਹੋਣ ਕਾਰਨ ਘੱਟ ਮਾਤਰਾ ਵਿੱਚ ਤਿਆਰ ਕੀਤਾ ਗਿਆ ਹੈ। -PTC News

Related Post