ਅਰੁਣ ਜੇਤਲੀ ਇੱਕ ਉਦਾਰ ਧਰਮ-ਨਿਰਪੱਖ ਭਾਰਤ ਅਤੇ ਪੰਜਾਬੀਅਤ ਦੇ ਪ੍ਰਤੀਕ ਸਨ: ਪ੍ਰਕਾਸ਼ ਸਿੰਘ ਬਾਦਲ

By  Jashan A August 25th 2019 09:48 AM -- Updated: August 25th 2019 09:52 AM

ਅਰੁਣ ਜੇਤਲੀ ਇੱਕ ਉਦਾਰ ਧਰਮ-ਨਿਰਪੱਖ ਭਾਰਤ ਅਤੇ ਪੰਜਾਬੀਅਤ ਦੇ ਪ੍ਰਤੀਕ ਸਨ: ਪ੍ਰਕਾਸ਼ ਸਿੰਘ ਬਾਦਲ

ਕਿਹਾ ਕਿ ਜੇਤਲੀ ਨੇ ਸਿਆਸਤ ਨੂੰ ਸਾਸ਼ਨ ਕਲਾ ਵਿਚ ਅਤੇ ਸਾਸ਼ਨ ਕਲਾ ਨੂੰ ਇਨਸਾਨੀਅਤ ਵਿਚ ਤਬਦੀਲ ਕੀਤਾ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਅਰੁਣ ਜੇਤਲੀ ਦੀ ਬੇਵਕਤੀ ਮੌਤ ਨਾਲ ਭਾਰਤੀ ਸਿਆਸਤ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ।ਇਸ ਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਭਾਰਤ ਹਮੇਸ਼ਾਂ ਸਾਫ ਸੁਥਰੀ ਅਤੇ ਕਦਰਾਂ-ਕੀਮਤਾਂ ਨੂੰ ਪ੍ਰਣਾਈ ਸਿਆਸਤ ਦੇ ਉੁਹਨਾਂ ਆਦਰਸ਼ਾਂ ਤੋਂ ਪ੍ਰੇਰਣਾ ਲੈਂਦਾ ਰਹੇਗਾ, ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ੍ਰੀ ਅਰੁਣ ਜੇਤਲੀ ਜਿਹਨਾਂ ਦਾ ਪ੍ਰਤੀਕ ਸਨ।

ਸਾਬਕਾ ਵਿੱਤ ਮੰਤਰੀ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਤਲੀ ਸਾਹਿਬ ਨੇ ਸਿਆਸਤ ਨੂੰ ਸਾਸ਼ਨ ਕਲਾ ਵਿਚ ਬਦਲਿਆ ਅਤੇ ਸਾਸ਼ਨ ਕਲਾ ਨੂੰ ਇਨਸਾਨੀਅਤ ਦਾ ਰੂਪ ਦਿੱਤਾ। ਭਾਵੇਂਕਿ ਹਰੇਕ ਮਹਾਨ ਆਗੂ ਦੀ ਮੌਤ ਦਾ ਘਾਟਾ ਨਾ-ਪੂਰਨ ਯੋਗ ਹੁੰਦਾ ਹੈ, ਪਰੰਤੂ ਸ੍ਰੀ ਜੇਤਲੀ ਦਾ ਵਿਛੋੜਾ ਸਾਡੇ ਲਈ ਬਹੁਤ ਹੀ ਜ਼ਿਆਦਾ ਦੁਖਦਾਈ ਰਹੇਗਾ। ਉਹ ਅਜਿਹੇ ਸਮੇਂ ਸਾਨੂੰ ਛੱਡ ਗਏ ਹਨ, ਜਦੋਂ ਉਹਨਾਂ ਦੁਆਰਾ ਅਮਲ ਵਿਚ ਲਿਆਂਦੀਆਂ ਕਦਰਾਂ-ਕੀਮਤਾਂ ਦੀ ਪੂਰੀ ਦੁਨੀਆਂ ਨੂੰ ਲੋੜ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਜੇਤਲੀ ਦੀ ਮੌਤ ਉਹਨਾਂ ਲਈ ਇੱਕ ਬਹੁਤ ਵੱਡਾ ਨਿੱਜੀ ਘਾਟਾ ਹੈ। ਉਹਨਾਂ ਕਿਹਾ ਕਿ ਮੈਂ ਇੱਕ ਬਹੁਤ ਹੀ ਮਹਾਨ, ਪਿਆਰਾ ਅਤੇ ਸਤਿਕਾਰਤ ਦੋਸਤ ਗੁਆ ਲਿਆ ਹੈ, ਜੋ ਕਿ ਹਮੇਸ਼ਾਂ ਮੈਂਥੋ ਬਜ਼ੁਰਗਾਂ ਵਾਲਾ ਪਿਆਰ ਲੈਂਦਾ ਸੀ।

ਉਹਨਾਂ ਨੇ ਕਿਹਾ ਕਿ ਪੰਜਾਬ ਨੇ ਅੱਜ ਆਪਣਾ ਇੱਕ ਬਹੁਤ ਹੀ ਅਣਖੀਲਾ ਅਤੇ ਇਮਾਨਦਾਰ ਸਪੁੱਤਰ ਗੁਆ ਲਿਆ ਹੈ, ਜਿਸ ਨੂੰ ਪੰਜਾਬੀਅਤ ਨਾਲ ਪਿਆਰ ਸੀ ਅਤੇ ਇਸ ਉੱਤੇ ਮਾਣ ਕਰਦਾ ਸੀ। ਉਹਨਾਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਬਾਰੇ ਗੱਲ ਕਰਦੇ ਸਨ ਅਤੇ ਪੰਜਾਬੀ ਬੋਲਦੇ ਸਨ ਤਾਂ ਉਹਨਾਂ ਦੀ ਅੱਖਾਂ ਵਿਚ ਇੱਕ ਸਵੈਮਾਣ ਅਤੇ ਚਿਹਰੇ ਉੱਤੇ ਲਾਲੀ ਹੁੰਦੀ ਸੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਜੇਤਲੀ ਲਈ ਅਕਾਲੀ-ਭਾਜਪਾ ਗਠਜੋੜ ਇੱਕ ਧਰਮ ਨਿਰਪੱਖ ਅਤੇ ਸੰਘੀ ਭਾਰਤ ਦਾ ਪ੍ਰਤੀਕ ਸੀ। ਉਹਨਾਂ ਲਈ ਇਹ ਗਠਜੋੜ ਇੱਕ ਆਸਥਾ ਦੀ ਵਸਤੂ ਸੀ, ਜੋ ਕਿ ਭਾਰਤ ਦੀ ਕੁਦਰਤੀ ਵੰਨ -ਸੁਵੰਨਤਾ ਲਈ ਪਿਆਰ ਵਿਚੋਂ ਨਿਕਲੀ ਸੀ। ਉਹਨਾਂ ਦੀ ਤਮਾਮ ਜ਼ਿੰਦਗੀ ਉਹਨਾਂ ਆਦਰਸ਼ਾਂ ਨੂੰ ਸਮਰਪਿਤ ਰਹੀ ਸੀ, ਜਿਹੜੇ ਇਸ ਗਠਜੋੜ ਦਾ ਪ੍ਰਤੀਕ ਹਨ- ਸ਼ਾਂਤੀ ਅਤੇ ਭਾਈਚਾਰਕ ਸਾਂਝ।

ਅੱਗੇ ਉਹਨਾਂ ਕਿਹਾ ਕਿ ਬਿਨਾਂ ਸ਼ੱਕ, ਜੇਤਲੀ ਸਾਹਿਬ ਹਮੇਸ਼ਾਂ ਉਹਨਾਂ ਕੱਦਾਵਾਰ ਆਗੂਆਂ ਵਿੱਚ ਗਿਣੇ ਜਾਣਗੇ, ਜਿਹਨਾਂ ਦੇ ਲੋਕਤੰਤਰੀ ਵਿਵਹਾਰ ਉੱਤੇ ਫ਼ਖਰ ਹੁੰਦਾ ਸੀ। ਸਹਿਣਸ਼ੀਲਤਾ ਅਤੇ ਦੂਰਅੰਦੇਸ਼ੀ ਉਹਨਾਂ ਦੀ ਸਖ਼ਸ਼ੀਅਤ ਦਾ ਅਟੁੱਟ ਅੰਗ ਸਨ ਅਤ ਉਹ ਕਦੇ ਵੀ ਵਿਚਾਰਾਂ ਦੀ ਵੰਨ-ਸੁਵੰਨਤਾ ਦਾ ਸਤਿਕਾਰ ਕਰਨ ਤੋਂ ਨਹੀਂ ਸੀ ਖੁੰਝੇ।

ਉਹਨਾਂ ਕਿਹਾ ਕਿ ਜਿਸ ਯੁੱਗ ਵਿਚ ਸਿਆਸਦਾਨ ਨਿੱਕੀ ਜਿਹੀ ਗੱਲ ਉੱਤੇ ਭੜਕਾਹਟ ਵਿਚ ਆ ਜਾਂਦੇ ਹਨ ਅਤੇ ਆਪਣੀਆਂ ਵਿਰੋਧੀਆਂ ਉੱਤੇ ਚਿੱਕੜ ਸੁੱਟਣਾ ਅਤੇ ਉਹਨਾਂ ਦਾ ਮਜ਼ਾਕ ਉਡਾਉਣਾ ਉਹਨਾਂ ਲਈ ਆਮ ਗੱਲ ਹੈ, ਜੇਤਲੀ ਸਾਹਿਬ ਵਾਜਪਾਈ ਸਾਹਿਬ ਵਾਂਗ ਬਹੁਤ ਹੀ ਸ਼ਾਂਤ ਅਤੇ ਸਹਿਣਸ਼ੀਲ ਸਨ, ਜੋ ਕਿ ਆਪਣੇ ਸਿਆਸੀ ਹਿੱਤ ਖਤਰੇ ਵਿਚ ਪਾ ਕੇ ਵੀ ਵਿਚਾਰਾਂ ਦੀ ਵੰਨ-ਸੁਵੰਨਤਾ ਦਾ ਸਤਿਕਾਰ ਕਰਦੇ ਸਨ। ਅਜਿਹੀਆਂ ਕਦਰਾਂ ਕੀਮਤਾਂ ਉੱਤੇ ਹੁਣ ਜਨਤਕ ਜ਼ਿੰਦਗੀ ਵਿਚੋਂ ਗਾਇਬ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਸ੍ਰੀ ਜੇਤਲੀ ਨੂੰ ਸਭ ਤੋਂ ਵੱਡੀ ਸ਼ਰਧਾਂਜ਼ਲੀ ਉਹਨਾਂ ਆਦਰਸ਼ਾਂ ਵੱਲ ਪਰਤਣਾ ਹੋਵੇਗੀ, ਜਿਹਨਾਂ ਨੂੰ ਸ੍ਰੀ ਜੇਤਲੀ ਨੇ ਸਾਰੀ ਜ਼ਿੰਦਗੀ ਆਪਣੇ ਕਾਰ-ਵਿਹਾਰ ਦਾ ਹਿੱਸਾ ਬਣਾ ਕੇ ਰੱਖਿਆ।ਸ੍ਰੀ ਜੇਤਲੀ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ ਭੇਂਟ ਕਰਦਿਆਂ ਬਾਦਲ ਨੇ ਕਿਹਾ ਕਿ ਇਸ ਯੁੱਗ ਵਿਚ ਕੋਈ ਵੀ ਪੰਜਾਬੀਅਤ ਅਤੇ ਉਦਾਰਵਾਦੀ ਕਦਰਾਂ-ਕੀਮਤਾਂ ਦੀ ਅਜਿਹੀ ਤਰਜਮਾਨੀ ਨਹੀਂ ਕਰਦਾ, ਜਿਸ ਤਰ੍ਹਾਂ ਜੇਤਲੀ ਸਾਹਿਬ ਨੇ ਕੀਤੀ।

ਉਹਨਾਂ ਕਿਹਾ ਕਿ ਉਹ ਜਨਮ ਤੋਂ ਹੀ ਇੱਕ ਅਜਿਹਾ ਧਰਮ ਨਿਰਪੱਖ ਡੈਮੋਕਰੇਟ ਸੀ, ਜੋ ਸਾਡੇ ਸੰਵਿਧਾਨ ਅੰਦਰ ਪ੍ਰਵਾਹਿਤ ਸੰਘੀ ਭਾਵਨਾ ਪ੍ਰਤੀ ਵਚਨਬੱਧ ਸੀ। ਉਹਨਾਂ ਪੂਰੀ ਦੁਨੀਆਂ ਦੇ ਉਹਨਾਂ ਚੋਣਵੇਂ ਆਗੂਆਂ ਵਿਚੋਂ ਸੀ, ਜਿਹੜੇ ਕਦੇ ਵੀ ਆਪਣੇ ਕੱਟੜ ਵਿਰੋਧੀ ਖ਼ਿਲਾਫ ਵੀ ਇੱਕ ਵੀ ਕੌੜਾ ਸ਼ਬਦ ਇਸਤੇਮਾਲ ਨਹੀਂ ਕਰਦੇ। ਨਵੀਂ ਪੀੜ੍ਹ੍ਹੀ ਦੇ ਸਿਆਸਤਦਾਨਾਂ ਨੂੰ ਜੇਤਲੀ ਸਾਹਿਬ ਦੀ ਜ਼ਿੰਦਗੀ ਅਤੇ ਉਹਨਾਂ ਵੱਲੋਂ ਪਾਏ ਯੋਗਦਾਨ ਵਿੱਚੋਂ ਬਹੁਤ ਕੁੱਝ ਸਿੱਖਣਾ ਚਾਹੀਦਾ ਹੈ।

-PTC News

Related Post