ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਹਤ 'ਚ ਸੁਧਾਰ, ਆਈਸੀਯੂ ਤੋਂ ਪ੍ਰਾਈਵੇਟ ਵਾਰਡ 'ਚ ਕੀਤਾ ਸ਼ਿਫ਼ਟ

By  Shanker Badra May 12th 2020 11:23 AM

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਹਤ 'ਚ ਸੁਧਾਰ, ਆਈਸੀਯੂ ਤੋਂ ਪ੍ਰਾਈਵੇਟ ਵਾਰਡ 'ਚ ਕੀਤਾ ਸ਼ਿਫ਼ਟ:ਨਵੀਂ ਦਿੱਲੀ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਹਤ 'ਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ 'ਚ ਸ਼ਿਫ਼ਟ ਕੀਤਾ ਗਿਆ ਹੈ। ਏਮਜ਼ ਮੁਤਾਬਿਕ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।

ਉਨ੍ਹਾਂ ਦੀ ਕੋਰੋਨਾ ਦੀ ਜਾਂਚ ਵੀ ਕਰਵਾਈ ਗਈ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੁਝ ਨਵੀਂ ਦਵਾਈਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਕੁਝ ਮੁਸ਼ਕਲਾਂ ਆਈਆਂ ਸਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। 87 ਸਾਲਾ ਸਾਬਕਾ ਪ੍ਰਧਾਨ ਮੰਤਰੀ ਦੀ ਸਾਲ 2009 ਵਿੱਚ ਏਮਜ਼ 'ਚ ਬਾਈਪਾਸ ਸਰਜਰੀ ਹੋਈ ਸੀ।

ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਕਾਰਨ ਐਤਵਾਰ ਰਾਤ 8.45 ਵਜੇ ਕਾਰਡੀਅਕ ਸੈਂਟਰ 'ਚ ਭਰਤੀ ਕੀਤਾ ਗਿਆ ਸੀ। ਏਮਜ਼ ਦੇ ਡਾਕਟਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਹਲਕਾ ਬੁਖਾਰ ਵੀ ਸੀ। ਇਸ ਕਾਰਨ ਉਨ੍ਹਾਂ ਦੀ ਕੋਵਿਡ ਦੀ ਜਾਂਚ ਕਰਵਾਈ ਗਈ ਪਰ ਹੁਣ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਉਨ੍ਹਾਂ ਦੀ ਤਬੀਅਤ 'ਚ ਸੁਧਾਰ ਹੈ।

ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ 'ਚ ਹੋਇਆ ਸੀ। ਮਨਮੋਹਨ ਸਿੰਘ 2004 ਤੋਂ 20014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ। ਇਸ ਤੋਂ ਪਹਿਲਾ 1991 ਵਿੱਚ ਪੀ.ਵੀ ਨਰਸਿਮਹਾ ਰਾਓ ਦੀ ਸਰਕਾਰ ਵਿੱਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਉਹ ਇੱਕ ਮਸ਼ਹੂਰ ਅਰਥ ਸ਼ਾਸਤਰੀ ਵਜੋਂ ਜਾਣੇ ਜਾਂਦੇ ਹਨ। ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਵੀ ਰਹਿ ਚੁੱਕੇ ਹਨ।

-PTCNews

Related Post