ਆਲ ਇੰਡੀਆ ਪੱਧਰ ’ਤੇ ਤੀਜੀ ਰੈਂਕ ਹਾਸਲ ਕਰਨ ਵਾਲੀ ਗਾਮਿਨੀ ਸਿੰਗਲਾ ਆਪਣੇ ਗੁਰੂ ਤੋਂ ਆਸ਼ੀਰਵਾਦ ਲੈਣ ਲਈ ਪਹੁੰਚੀ ਪਟਿਆਲਾ

By  Jasmeet Singh June 20th 2022 10:22 AM

ਪਟਿਆਲਾ, 20 ਜੂਨ: ਭਾਰਤੀ ਪ੍ਰਸ਼ਾਸ਼ਨਿਕ ਸੇਵਾਵਾਂ (ਆਈ. ਏ. ਐਸ.) ਵਿਚ ਆਲ ਇੰਡੀਆ ਪੱਧਰ ’ਤੇ ਤੀਜਾ ਰੈਂਕ ਹਾਸਲ ਕਰਨ ਵਾਲੀ ਗਾਮਿਨੀ ਸਿੰਗਲਾ ਨੇ ਕਿਹਾ ਕਿ ਥੈਂਕਿਊ ਗੁਰੂ ਜੀ ਤੁਹਾਡੇ ਕਰਕੇ ਮੈਂ ਇਸ ਮੁਕਾਮ ’ਤੇ ਪਹੁੰਚ ਸਕੀ।

ਇਹ ਵੀ ਪੜ੍ਹੋ: ਮੂਸੇਵਲਾ ਕਤਲਕਾਂਡ 'ਚ ਬੰਦ ਕੇਕੜੇ ਦਾ ਜੇਲ੍ਹ 'ਚ ਚਾੜ੍ਹਿਆ ਕੁਟਾਪਾ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

ਗਾਮਿਨੀ ਆਪਣੀ ਸਫਲਤਾ ਤੋਂ ਬਾਅਦ ਆਪਣੇ ਟੀਚਰ ਵਿਨੋਦ ਸ਼ਰਮਾ ਦਾ ਧੰਨਵਾਦ ਕਰਨ ਲਈ ਵਿੱਦਿਆ ਸਾਗਰ ਮੈਮੋਰੀਅਲ ਕੋਚਿੰਗ ਸੈਂਟਰ ਪਟਿਆਲਾ ਪਹੁੰਚੀ। ਇਸ ਮੌਕੇ ਗਾਮਿਨੀ ਸਿੰਗਲਾ ਨੇ ਆਈ. ਏ. ਐਸ ਦੀ ਪ੍ਰੀਖਿਆ ਪਾਸ ਕਰਨ ਲਈ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਫਲਤਾ ਦੇ ਟਿਪਸ ਦਿੰਦੇ ਹੋਏ ਕਿਹਾ ਕਿ ਇੰਟਰਨੈਟ ਗਿਆਨ ਦਾ ਸਮੁੰਦਰ ਹੈ, ਇਹ ਖੋਜ ਕਰਨ ਵਾਲੇ ’ਤੇ ਨਿਰਭਰ ਕਰਦਾ ਹੈ ਕਿ ਮੋਤੀ ਲੱਭਦਾ ਹੈ ਜਾਂ ਮੱਛੀਆਂ।

ਅਫਸੋਸ ਦੀ ਗੱਲ ਹੈ ਕਿ ਅੱਜ ਕੱਲ ਦੇ ਜ਼ਿਆਦਾਤਰ ਨੌਜਵਾਨ ਇੰਟਰਨੈਟ ਸਮੁੰਦਰ ਵਿਚੋਂ ਮੋਤੀ ਰੂਪੀ ਗਿਆਨ ਨੂੰ ਛੱਡ ਕੇ ਹੋਰ ਕੁੱਝ ਲੱਭ ਰਹੇ ਹਨ। ਇਹੀ ਉਨ੍ਹਾਂ ਦੀ ਸਫਲਤਾ ਵਿਚ ਸਭ ਤੋਂ ਵੱਡਾ ਰੋੜਾ ਬਣਿਆ ਹੋਇਆ ਹੈ। ਗਾਮਿਨੀ ਨੇ ਕਿਹਾ ਕਿ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਗ੍ਰੈਜੂਏਸ਼ਨ ਕਿਸ ਵਿਸ਼ੇ ਵਿਚ ਹੈ। ਜ਼ਰੂਰੀ ਹੈ ਕਿ ਤੁਸੀਂ ਯੂ.ਪੀ.ਐਸ.ਸੀ. ਦੀ ਤਿਆਰੀ ਕਿਸ ਤਰ੍ਹਾਂ ਕਰਦੇ ਹੋ। ਮੈਂ ਖੁੱਦ ਕੰਪਿਊਟਰ ਸਾਇੰਸ ਵਿਚ ਇੰਜੀਨੀਅਰ ਦੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੀ ਸ਼ਸ਼ੋਲੌਜੀ ਵਰਗੇ ਵਿਸ਼ੇ ਦੇ ਨਾਲ ਯੂ.ਪੀ.ਐਸ.ਸੀ ਵਿਚ ਆਲ ਇੰਡੀਆ ਤੀਜਾ ਰੈਂਕ ਹਾਸਲ ਕੀਤਾ ਹੈ, ਕਿਉਂਕਿ ਇਹ ਵਿਸ਼ਾ ਸਮਾਜ ਨੂੰ ਨਾਲ ਜੋੜਦਾ ਹੈ।

ਇਸ ਵਿਸ਼ੇ ਨੂੰ ਪੜ੍ਹਣ ਨਾਲ ਉਨ੍ਹਾਂ ਨੂੰ ਕਾਫੀ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਟਿਪਸ ਦਿੰਦੇ ਹੋਏ ਕਿਹਾ ਕਿ ਆਪਣੀਆਂ ਗਲਤੀਆਂ ਨੂੰ ਜੀਰੋ ਕਰਨ ਦੀ ਜ਼ਰੂਰਤ ਹੈ। ਇੰਡੀਅਨ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਵਿਚ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਗਲਤੀ ਲਈ ਕਿਸੇ ਦੂਜੇ ਨੂੰ ਦੋਸ਼ ਦਿੱਤਾ ਜਾ ਸਕਦਾ ਹੈ।

ਸੈਂਟਰ ਪਹੁੰਚਣ ’ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਥੇ ਸ਼ਹਿਰ ਦੇ ਕਈ ਪਤਵੰਤੇ ਲੋਕ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ, ਆਖਰ ਉਨ੍ਹਾਂ ਨੇ ਸ਼ਹਿਰ ਦਾ ਮਾਣ ਜੋ ਵਧਾਇਆ ਹੈ। ਗਾਮਿਨੀ ਨੇ ਆਪਣੇ ਅਧਿਆਪਕ ਵਿਨੋਦ ਸ਼ਰਮਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕਰਕੇ ਹੀ ਉਹ ਸਫਲਤਾ ਦੇ ਇਸ ਮੁਕਾਮ ਨੂੰ ਹਾਸਲ ਕਰ ਸਕੀ ਹੈ।

ਸੈਂਟਰ ਦੇ ਸੰਚਾਲਕ ਅਤੇ 42 ਸਾਲਾਂ ਤੋਂ ਭਾਰਤੀ ਸਿਵਲ ਸੇਵਾਵਾਂ (ਆਈ. ਏ. ਐਸ.) ਦੀ ਕੋਚਿੰਗ ਦੇਣ ਵਾਲੇ ਵਿਨੋਦ ਸ਼ਰਮਾ ਨੇ ਦੱਸਿਆ ਕਿ ਗਾਮਿਨੀ ਨੂੰ ਉਨ੍ਹਾਂ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਕਿ ਉਸ ਵਿਚ ਉਹ ਸਾਰੇ ਗੁਣ ਹਨ ਜੋ ਆਈ. ਏ. ਐਸ ਬਣਨ ਲਈ ਚਾਹੀਦੇ ਹਨ। ਉਸ ਨੂੰ ਲੋੜ ਸੀ ਤਾਂ ਮਿਹਨਤ ਕਰਨ ਦੀ ਅਤੇ ਉਸ ਨੇ ਮਿਹਨਤ ਕੀਤੀ ਅਤੇ ਉਨ੍ਹਾਂ ਦੇ ਦੱਸੇ ਹੋਏ ਰਸਤੇ ’ਤੇ ਚੱਲੀ ਤਾਂ ਅੱਜ ਉਹ ਸਫਲ ਹੋ ਸਕੀ ਹੈ।

ਇਸ ਮੌਕੇ ਪਟਿਆਲਾ ਦੇ ਮੀਡੀਆ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨੇ ਇਸ ਮੌਕੇ ਉਮੀਦ ਜਤਾਈ ਕਿ ਅੱਗੇ ਚੱਲ ਕੇ ਉਹ ਇਕ ਇਮਾਨਦਾਰ ਆਈ. ਏ. ਐਸ ਸਾਬਤ ਹੋਣਗੇ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।

ਵਿਨੋਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਤੋਂ ਹੁਣ ਤੱਕ 500 ਦੇ ਲਗਭਗ ਵਿਦਿਆਰਥੀ ਆਈ. ਏ. ਐਸ ਪ੍ਰੀਖਿਆ ਪਾਸ ਕਰਕੇ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜਾਂ ਦੀਆਂ ਸਿਵਲ ਸੇਵਾਵਾਂ ਵਿਚ ਬਤੌਰ ਅਧਿਕਾਰੀ ਕੰਮ ਕਰਕੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੇ ਹਨ।

ਇਹ ਵੀ ਪੜ੍ਹੋ: ਇਸਲਾਮਿਕ ਸਟੇਟ ਦਾ ਦਾਅਵਾ, ਕਾਬੁਲ ਦੇ ਗੁਰਦੁਆਰੇ 'ਤੇ ਅੱਤਵਾਦੀ ਹਮਲਾ 'ਪੈਗੰਬਰ ਮੁਹੰਮਦ ਦੇ ਅਪਮਾਨ ਦੇ ਜਵਾਬ 'ਚ ਸੀ'

ਇਸ ਮੌਕੇ ਗਾਮਿਨੀ ਦੇ ਮਾਤਾ ਪਿਤਾ ਵੀ ਸੈਂਟਰ ਪਹੁੰਚੇ, ਜਿਨ੍ਹਾਂ ਦਾ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਗਾਮਿਨੀ ਦੇ ਭਰਾ ਤੁਸ਼ਾਰ ਨੇ ਵੀ ਮੌਕੇ ’ਤੇ ਇੱਛਾ ਜਤਾਈ ਕਿ ਉਹ ਵੀ ਅੱਗੇ ਚੱਲ ਕੇ ਆਈ. ਏ. ਐਸ ਦੀ ਤਿਆਰੀ ਕਰਨਗੇ ਅਤੇ ਇਸ ਵਿਚ ਉਹ ਵਿਨੋਦ ਸ਼ਰਮਾ ਜੀ ਦਾ ਆਸ਼ੀਰਵਾਦ ਲੈਣਗੇ।

-PTC News

Related Post