Gujarat Gas Leak: ਸੂਰਤ 'ਚ ਗੈਸ ਲੀਕ ਹੋਣ ਕਰਕੇ 6 ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ

By  Riya Bawa January 6th 2022 11:45 AM

ਗੁਜਰਾਤ : ਗੁਜਰਾਤ ਦੇ ਸੂਰਤ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਸਚਿਨ ਇਲਾਕੇ ਵਿੱਚ ਸਥਿਤ ਵਿਸ਼ਵ ਪ੍ਰੇਮ ਡਾਇੰਗ ਐਂਡ ਪ੍ਰਿੰਟਿੰਗ ਮਿੱਲ ਨੇੜੇ ਟੈਂਕਰ ਵਿੱਚੋਂ ਗੈਸ ਲੀਕ ਹੋਣ ਕਾਰਨ ਮਿੱਲ ਦੇ ਛੇ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਦਕਿ 20 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਰਤ ਦੇ ਸਚਿਨ ਜੀਆਈਡੀਸੀ ਵਿਸਤਾਰ ਇਲਾਕਟ ‘ਚ ਕੈਮੀਕਲ ਲੀਕ ਹੋਣ ਦੇ ਚਲਦੇ ਇਹ ਹਾਦਸਾ ਵਾਪਰਿਆ ਜਦੋਂ ਟੈਂਕਰ ਵਿੱਚੋਂ ਕੈਮੀਕਲ ਕੱਢਿਆ ਜਾ ਰਿਹਾ ਸੀ ਤਾਂ ਇਹ ਲੀਕ ਹੋਣ ਲੱਗਾ ਅਤੇ ਇਹ ਹਵਾ ਵਿੱਚ ਫੈਲ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਸਾਰੇ ਲੋਕਾਂ ਨੂੰ ਸੂਰਤ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ।

ਦੱਸ ਦੇਈਏ ਕਿ ਇੱਥੋਂ ਦੀ ਪ੍ਰਿੰਟਿੰਗ ਮਿੱਲ ਵਿੱਚ ਅੱਜ ਸਵੇਰੇ ਹੋਏ ਹਾਦਸੇ ਤੋਂ ਬਾਅਦ ਹੜਕੰਪ ਮੱਚ ਗਿਆ। ਮਿਲੀ ਜਾਣਕਾਰੀ ਅਨੁਸਾਰ ਅਣਪਛਾਤਾ ਟੈਂਕਰ ਚਾਲਕ ਮਿੱਲ ਦੇ ਕੋਲ ਸਥਿਤ ਡਰੇਨ ਵਿੱਚ ਜ਼ਹਿਰੀਲਾ ਕੈਮੀਕਲ ਪਾ ਰਿਹਾ ਸੀ। ਇਸ ਦੌਰਾਨ ਉਸ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਲੱਗੀ। ਜਿਸ ਕਾਰਨ ਨੇੜੇ ਸਥਿਤ ਪ੍ਰਿੰਟਿੰਗ ਮਿੱਲ ਦੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਗਏ। ਫਿਲਹਾਲ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਮੁਤਾਬਕ ਦਮ ਘੁੱਟਣ ਕਾਰਨ ਛੇ ਲੋਕਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਕੱਪੜੇ ਦੀ ਫੈਕਟਰੀ ਵਿੱਚ ਕੈਮੀਕਲ ਵੇਸਟ ਟੈਂਕ ਦੀ ਸਫ਼ਾਈ ਦੌਰਾਨ ਵੀ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਅਹਿਮਦਾਬਾਦ ਦੇ ਢੋਲਕਾ ਵਿੱਚ ਸਥਿਤ ਚਿਰੀਪਾਲ ਗਰੁੱਪ ਦੀ ਵਿਸ਼ਾਲ ਫੈਬਰਿਕ ਯੂਨਿਟ ਵਿੱਚ ਵਾਪਰਿਆ। ਹਾਲਾਂਕਿ ਉਸ ਹਾਦਸੇ 'ਚ ਗੈਸ ਲੀਕ ਹੋਣ ਦਾ ਪਤਾ ਨਹੀਂ ਲੱਗ ਸਕਿਆ ਸੀ ।

-PTC News

Related Post