ਵਰਟੀਕਲ ਗਾਰਡਨ ਦੁਆਰਾ ਹਰਿਆ-ਭਰਿਆ ਦਿਸੇਗਾ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ

By  Joshi September 15th 2018 04:18 PM

ਵਰਟੀਕਲ ਗਾਰਡਨ ਦੁਆਰਾ ਹਰਿਆ-ਭਰਿਆ ਦਿਸੇਗਾ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਵਰਟੀਕਲ ਗਾਰਡਨ ਦੀ ਸ਼ੁਰੂਆਤ

ਤਿਆਰ ਕੀਤੇ ਜਾ ਰਹੇ ਗੁਰੂ ਕੇ ਬਾਗ ਵਿਖੇ ਚੰਦਨ ਦੇ ਬੂਟਿਆਂ ਨਾਲ ਸੁਗੰਧਤ ਹੋਏਗਾ ਵਾਤਾਵਰਣ -ਡਾ. ਰੂਪ ਸਿੰਘ

ਅੰਮ੍ਰਿਤਸਰ 15 ਸਤੰਬਰ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਵਰਟੀਕਲ ਗਾਰਡਨ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਤਹਿਤ ਹੁਣ ਇਥੇ ਪਲਾਸਟਕ ਦੀਆਂ ਬੋਤਲਾਂ ਵਿਚ ਲੱਗੇ ਹੋਏ ਬੂਟੇ ਹਰਿਆਵਲ ਵੰਡਦੇ ਨਜ਼ਰ ਆਉਣਗੇ। ਸ੍ਰੀ ਦਰਬਾਰ ਸਾਹਿਬ ਵਿਖੇ ਵਰਟੀਕਲ ਗਾਰਡਨ ਦੀ ਆਰੰਭਤਾ ਮੌਕੇ ਅੱਜ ਇਨਕਮ ਟੈਕਸ ਵਿਭਾਗ ਦੇ ਮੁੱਖ ਕਮਿਸ਼ਨਰ ਪੰਜਾਬ ਸ੍ਰੀ ਬੇ. ਕੇ. ਝਾਅ, ਵਧੀਕ ਇਨਕਮ ਟੈਕਸ ਕਮਿਸ਼ਨਰ ਲੁਧਿਆਣਾ ਸ੍ਰੀ ਰੋਹਿਤ ਮਹਿਰਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਬੀਰ ਸਿੰਘ ਸੋਖੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬਾਨ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਨੂੰ ਦਿੱਤੀ ਗਈ ਪ੍ਰਮੁੱਖਤਾ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਰਟੀਕਲ ਗਾਰਡਨ ਵਿਧੀ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਇਸ ਹਰਿਆਵਲ ਲਹਿਰ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਅਤੇ ਇਨਕਮ ਟੈਕਸ ਵਿਭਾਗ ਦੇ ਕੁਝ ਸੀਨੀਅਰ ਅਧਿਕਾਰੀਆਂ ਦਾ ਵਿਸ਼ੇਸ਼ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਰਟੀਕਲ ਗਾਰਡਨ ਵਾਤਾਵਰਣ ਨੂੰ ਹਰਿਆ ਭਰਿਆ, ਸਾਫ ਸੁਥਰਾ, ਸੁਗੰਧੀ ਭਰਪੂਰ ਤੇ ਪ੍ਰਦੂਸ਼ਣ ਮੁਕਤ ਕਰੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤਾਏ ਜਾਂਦੇ ਪਲਾਸਟਕ ਦੇ ਲਿਫਾਫਿਆਂ ’ਤੇ ਮੁਕੰਮਲ ਪਾਬੰਦੀ ਲਗਾਈ ਜਾ ਚੁੱਕੀ ਹੈ।

ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਨਜ਼ਦੀਕ ਅੰਤਰਰਾਸ਼ਟਰੀ ਪੱਧਰ ਅਨੁਸਾਰ ਗੁਰੂ ਕਾ ਬਾਗ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚ ਮੈਡੀਸਨ ਪਲਾਂਟਸ ਵੀ ਵਿਸ਼ੇਸ਼ ਤੌਰ ’ਤੇ ਲਗਾਏ ਜਾਣਗੇ। ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਵਿਖੇ ਛੱਤਾਂ ’ਤੇ ਗਮਲਿਆਂ ਦੁਆਰਾ ਹਰਿਆਵਲ ਨੂੰ ਵਧਾਉਣ ਦੇ ਨਾਲ ਨਾਲ ਇਥੇ ਆਉਂਦੇ ਰਸਤਿਆਂ ’ਤੇ ਵੀ ਹਰਿਆਵਲ ਲਈ ਵਿਸ਼ੇਸ਼ ਯਤਨ ਕਰੇਗੀ। ਉਨ੍ਹਾਂ ਦੱਸਿਆ ਕਿ ਵਰਟੀਕਲ ਗਾਰਡਲ ਦੀ ਦੇਖਭਾਲ ਦੀ ਸੇਵਾ ਇਨਕਮ ਟੈਕਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਲਈ ਗਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਤਿਆਰ ਹੋ ਰਹੇ ਗੁਰੂ ਕਾ ਬਾਗ ਵਿਚ ਚੰਦਨ ਦੇ ਬੂਟੇ ਲਗਾਉਣ ਦਾ ਵੀ ਵਚਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਹਵਾ, ਪਾਣੀ ਤੇ ਧਰਤੀ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਇਨ੍ਹਾਂ ਨੂੰ ਗੁਰੂ, ਪਿਤਾ ਤੇ ਮਾਂ ਦਾ ਦਰਜਾ ਦਿੱਤਾ ਪਰ ਦੁੱਖ ਦੀ ਗੱਲ ਹੈ ਕਿ ਵਰਤਮਾਨ ਸਮੇਂ ਅਸੀਂ ਇਨ੍ਹਾਂ ਨੂੰ ਪਲੀਤ ਕਰਨ ਵਿਚ ਇੱਕ ਦੂਜੇ ਤੋਂ ਅੱਗੇ ਲੰਘ ਰਹੇ ਹਾਂ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਗਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਦੇਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ।

ਇਸ ਮੌਕੇ ਇਨਕਮ ਟੈਕਸ ਵਿਭਾਗ ਦੇ ਮੁਖ ਕਮਿਸ਼ਨਰ ਪੰਜਾਬ ਤੇ ਜੰਮੂ ਕਸ਼ਮੀਰ ਸ੍ਰੀ ਬੇ.ਕੇ. ਝਾਅ ਨੇ ਕਿਹਾ ਕਿ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿਆਵਲ ਮੁਹਿੰਮ ਦਾ ਹਿੱਸਾ ਬਣਨ ਤੇ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਤੋਂ ਕੋਈ ਵੀ ਸੰਦੇਸ਼ ਸਮੁੱਚੀ ਦੁਨੀਆਂ ਲਈ ਵੱਡੇ ਅਰਥ ਰੱਖਦਾ ਹੈ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਵਰਟੀਕਲ ਗਾਰਡਨ ਮੁਹਿੰਮ ਨੂੰ ਵੀ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਵੇਗਾ ਅਤੇ ਉਹ ਆਪੋ ਆਪਣੇ ਘਰਾਂ ਅੰਦਰ ਵੀ ਇਸ ਨੂੰ ਲਾਗੂ ਕਰਨਗੀਆਂ। ਇਸ ਮੌਕੇ ਵਧੀਕ ਇਨਕਮ ਟੈਕਸ ਕਮਿਸ਼ਨਰ ਲੁਧਿਆਣਾ ਸ੍ਰੀ ਰੋਹਿਤ ਮਹਿਰਾ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਵਰਟੀਕਲ ਗਾਰਡਨ ਇਕ ਕਾਰਗਰ ਵਿਧੀ ਹੈ ਜਿਸ ਨਾਲ ਵਾਤਾਵਰਣ ਦੀ ਸ਼ੁਧਤਾ ਬਰਕਰਾਰ ਰਹਿੰਦੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇਨਕਮ ਟੈਕਸ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਗੁਰਤੇਜ ਸਿੰਘ ਢੱਡੇ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਦਿਲਜੀਤ ਸਿੰਘ ਬੇਦੀ, ਸ. ਜਗਜੀਤ ਸਿੰਘ ਜੱਗੀ, ਸ. ਮੁਖਤਾਰ ਸਿੰਘ ਮੈਨੇਜਰ, ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ, ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨ ਅੰਮ੍ਰਿਤਸਰ ਸ੍ਰੀ ਰਸਤੋਗੀ, ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ ਤੇ ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਸਮੇਤ ਹੋਰ ਮੌਜੂਦ ਸਨ।

—PTC News

Related Post