ਪ੍ਰਵਾਸੀ ਮਜ਼ਦੂਰਾਂ ਅਤੇ ਸ਼ਹਿਰੀ ਗ਼ਰੀਬਾਂ ਲਈ ਕਿਰਾਇਆ ਆਵਾਸ ਯੋਜਨਾ ਦੀ ਸ਼ੁਰੂਆਤ ਕਰੇਗੀ ਸਰਕਾਰ, ਘੱਟ ਕਿਰਾਏ ‘ਤੇ ਮਿਲਣਗੇ ਮਕਾਨ: ਨਿਰਮਲਾ ਸੀਤਾਰਮਨ

By  Shanker Badra May 14th 2020 05:55 PM

ਪ੍ਰਵਾਸੀ ਮਜ਼ਦੂਰਾਂ ਅਤੇ ਸ਼ਹਿਰੀ ਗ਼ਰੀਬਾਂ ਲਈ ਕਿਰਾਇਆ ਆਵਾਸ ਯੋਜਨਾ ਦੀ ਸ਼ੁਰੂਆਤ ਕਰੇਗੀ ਸਰਕਾਰ, ਘੱਟ ਕਿਰਾਏ ‘ਤੇ ਮਿਲਣਗੇ ਮਕਾਨ: ਨਿਰਮਲਾ ਸੀਤਾਰਮਨ : ਨਵੀਂ ਦਿੱਲੀ :ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਦੂਜੇ ਦਿਨ ਵੀ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਪੈਕੇਜ ਦੇ ਇਸ ਦੂਜੇ ਪੜਾਅ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਸੰਗਠਿਤ ਸੈਕਟਰ ਦੇ ਕਰਮਚਾਰੀ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੇਹੜੀ ਫੜੀ ਵਾਲਿਆਂ ਲਈ ਵੀ ਐਲਾਨ ਕੀਤੇ ਗਏ ਹਨ।

ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਦੀ ਦੇਖਭਾਲ ਕਰ ਰਹੇ ਹਾਂ। ਬੇਘਰ ਲੋਕਾਂ ਲਈ ਰਹਿਣ, ਖਾਣ ਪੀਣ ਅਤੇ ਪੈਸੇ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸਰਕਾਰ ਪ੍ਰਵਾਸੀ ਮਜ਼ਦੂਰਾਂ ਦੇ ਪਰਵਾਸ ਬਾਰੇ ਚਿੰਤਤ ਹੈ। ਮਨਰੇਗਾ ਦੀ ਸਹਾਇਤਾ ਨਾਲ ਸਰਕਾਰ ਯੋਜਨਾ ਲੈ ਕੇ ਆਈ ਹੈ। ਮਨਰੇਗਾ ਐਕਟ ਰਾਹੀਂ ਰਾਜਾਂ ਦੀ ਮਦਦ ਕੀਤੀ ਜਾਏਗੀ। ਰਾਜਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਨੌਕਰੀਆਂ ਦੇਣ ਲਈ ਕਿਹਾ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਮੈਂ ਪਹਿਲਾਂ ਹੀ ਐਲਾਨ ਕਰ ਚੁੱਕੀ ਹਾਂ ਕਿ ਮਜ਼ਦੂਰਾਂ ਦੀ ਔਸਤਦਿਹਾੜੀ ਵਧਾ ਕੇ 202 ਕਰ ਦਿੱਤੀ ਗਈ ਹੈ। ਇਸ ਦੌਰਾਨ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਗਏ ਗਏ ਤਾਂ ਜੋ ਕਰਮਚਾਰੀਆਂ ਨੂੰ ਵਧੇਰੇ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਵੱਖ ਵੱਖ ਰਾਜਾਂ ਵਿੱਚ 2.33 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਿਰਾਇਆ ਆਵਾਸ ਯੋਜਨਾ ਜਲਦੀ ਹੀ ਪ੍ਰਵਾਸੀ ਮਜ਼ਦੂਰਾਂ ਅਤੇ ਸ਼ਹਿਰੀ ਗਰੀਬਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਦੇ ਅਧੀਨ ਲਿਆਂਦੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਜ਼ਰੀਏ ਗਰੀਬਾਂ ਨੂੰ ਘੱਟ ਕਿਰਾਏ ‘ਤੇ ਰਹਿਣ ਲਈ ਮਕਾਨ ਮਿਲ ਜਾਣਗੇ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਪਣੇ ਘਰਾਂ ਨੂੰ ਪਰਤ ਰਹੇ ਪਰਵਾਸੀ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ 'ਚ ਮਨਰੇਗਾ ਤਹਿਤ ਰਾਜਿਸਟੇਸ਼ਨ ਕਰਵਾਇਆ ਜਾ ਰਿਹਾ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਮਨਰੇਗਾ ਤਹਿਤ ਕੰਮ ਦਿੱਤਾ ਜਾਵੇਗਾ ਅਤੇ ਮਨਰੇਗਾ ਐਕਟ ਤਹਿਤ ਉਨ੍ਹਾਂ ਨੂੰ ਆਪਣੇ ਹੀ ਰਾਜ 'ਚ ਕੰਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਜ਼ਰੂਰਤ ਪੈਣ ’ਤੇ ਹੋਰ ਖਰਚਾ ਕੀਤਾ ਜਾਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਿਨ੍ਹਾਂ ਸੰਸਥਾਵਾਂ ਵਿੱਚ 10 ਤੋਂ ਵੱਧ ਲੋਕ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਈਐਸਆਈਸੀ ਰਾਹੀਂ ਲਾਭ ਹੋਵੇਗਾ। ਜਿੱਥੇ ਵੀ ਮਜ਼ਦੂਰ ਖਤਰਨਾਕ ਥਾਵਾਂ 'ਤੇ ਕੰਮ ਕਰ ਰਹੇ ਹਨ, ਈਐਸਆਈਸੀ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਯੋਜਨਾ ਨੂੰ ਵੀ ਹਰ ਥਾਂ ਲਾਗੂ ਕੀਤਾ ਜਾਵੇਗਾ।

-PTCNews

Related Post