ਕਿਸਾਨੀ ਲਹਿਰ ਨੂੰ ਵੱਡਾ ਹੁੰਗਾਰਾ, ਸਮਰਥਨ 'ਚ ਕੱਢੀਆਂ ਰੈਲੀਆਂ

By  Jagroop Kaur December 7th 2020 08:30 PM

ਕੇਂਦਰ ਦੇ ਖੇਤੀਬਾੜੀ ਬਿੱਲਾਂ ਖਿਲਾਫ਼ ਜਿੱਥੇ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਦਾ ਘਿਰਾਓ ਕਰਕੇ ਵੱਡਾ ਅੰਦੋਲਨ ਵਿੱਢਿਆ ਹੋਇਆ ਹੈ, ਉੱਥੇ ਕਿਸਾਨਾਂ ਦੇ ਹੱਕ ’ਚ ਵਿਦੇਸ਼ਾਂ ਦੀ ਧਰਤੀ ’ਤੇ ਬੈਠੇ ਪੰਜਾਬੀ ਵੀ ਸੜਕਾਂ ’ਤੇ ਉਤਰ ਆਏ ਹਨ, ਜੋ ਇਸ ਅੰਦੋਲਨ ਦਾ ਸਮਰਥਨ ਕਰ ਕੇ ਬਿੱਲ ਰੱਦ ਕਰਨ ਦੀ ਮੰਗ ਕਰ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਲੰਡਨ ਦੇ ਸ਼ਹਿਰ ਲਿਸ਼ਟਰ ਦੀ ਤਾਂ ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਵਿਖੇ ਇਕੱਠੇ ਹੋਏ ਭਾਰੀ ਗਿਣਤੀ ’ਚ ਪੰਜਾਬੀ ਭਾਈਚਾਰੇ ਨੇ ਟਰੈਕਟਰਾਂ, ਕਾਰਾਂ ਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਇੱਕ ਰੋਸ ਰੈਲੀ ਕੱਢੀ ਅਤੇ ਭਾਰਤ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਉਥੇ ਹੀ ਕੈਨੇਡਾ ਦੀ ਇਕ ਵੱਡੀ ਕਿਸਾਨ ਜਥੇਬੰਦੀ 'ਨੈਸ਼ਨਲ ਫਾਰਮਰ ਯੂਨੀਅਨ' ਦੇ ਪ੍ਰਧਾਨ ਕੇਟੀ ਵਾਰਡ ਤੇ ਉਪ ਪ੍ਰਧਾਨ ਸਟੀਵਰਟ ਵੇਲਜ਼ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਦਿੱਤਾ ਹੈ। ਜੱਥੇਬੰਦੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੁਸਕਲਾਂ ਨੂੰ ਸਮਝਦੇ ਹਨ । ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਸਮਝ ਹੈ ਕਿ ਇਹੋ ਜਿਹੀਆਂ ਨੀਤੀਆਂ ਨੇ ਦੁਨੀਆ ਭਰ ਦੇ ਕਿਸਾਨਾਂ ਦਾ ਕਿੰਨਾ ਨੁਕਸਾਨ ਕੀਤਾ ਹੈ । ਉਨ੍ਹਾਂ ਕਿਹਾ ਹੈ ਕਿ ਜਦੋਂ ਕਿਸਾਨਾਂ ਨੇ ਇਨ੍ਹਾਂ ਬਿੱਲਾਂ ਦੀ ਕਦੇ ਮੰਗ ਹੀ ਨਹੀਂ ਕੀਤੀ ਸੀ ਫਿਰ ਕਿਉਂ ਇਹ ਬਿੱਲ ਲਿਆਂਦੇ ਗਏ ਹਨ

ਅਮਰੀਕਾ ਦੇ ਕਈ ਸ਼ਹਿਰਾਂ 'ਚ ਹਜ਼ਾਰਾਂ ਪੰਜਾਬੀ ਅਮਰੀਕੀਆਂ ਨੇ ਸ਼ਾਂਤੀਮਈ ਢੰਗ ਨਾਲ ਵਿਰੋਧ ਰੈਲੀਆਂ ਕੱਢੀਆਂ। ਇਸੇ ਕੜੀ ਤਹਿਤ ਫਰਿਜ਼ਨੋ ਵਿਖੇ ਵੀ ਟਰੱਕ-ਕਾਰ, ਟਰੈਕਟਰ ਅਤੇ ਮੋਟਰ-ਸਾਈਕਲ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਵਿਚ ਹਜ਼ਾਰ ਤੋਂ ਵੱਧ ਵਾਹਨਾਂ ਨਾਲ ਲੋਕਾਂ ਨੇ ਭਾਗ ਲਿਆ ਅਤੇ ਜਾਣਕਾਰੀ ਮੁਤਾਬਕ ਤਿੰਨ ਹਜ਼ਾਰ ਤੋਂ ਉੱਪਰ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਹੋਰ ਭਾਈਚਾਰਿਆਂ ਨੇ ਵੀ ਇਸ ਰੋਡ ਸ਼ੋਅ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵੱਡਿਆਂ ਤੋਂ ਲੈਕੇ ਬੱਚਿਆਂ ਨੇ ਵੀ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।

ਕਿਸਾਨੀ ਬਿੱਲਾਂ ਦਾ ਵਿਰੋਧ ਕਰ ਰਹੇ ਸੰਘਰਸ਼ਾਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੇ ਜ਼ਮੀਨਾਂ ’ਤੇ ਕਬਜ਼ਾ ਹੀ ਕਰ ਲਿਆ ਤਾਂ ਫਿਰ ਕਿਸਾਨ ਅਨਾਜ ਕਿੱਥੋਂ ਪੈਦਾ ਕਰੇਗਾ। ਰੋਸ ਰੈਲੀ ’ਚ ਸ਼ਾਮਲ ਪੰਜਾਬੀ ਭਾਈਚਾਰੇ ਨੇ ਕਿਸਾਨ ਅੰਦੋਲਨ ਦਾ ਡੱਟ ਕੇ ਸਮਰਥਨ ਕਰਦਿਆਂ ਕਿਹਾ ਕਿ ਉਹ ਆਪਣੀ ਰਾਖ਼ੀ ਆਪ ਕਰਨ ਅਤੇ ਇਸ ਸੰਘਰਸ਼ ’ਚ ਲੰਡਨ ਬੈਠੇ ਪੰਜਾਬ ਦੀ ਮਿੱਟੀ ਨਾਲ ਜੁੜੇ ਲੋਕ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨਗੇ।

Related Post