ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

By  Riya Bawa June 25th 2022 03:43 PM -- Updated: June 25th 2022 03:46 PM

ਅੰਮ੍ਰਿਤਸਰ: ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਂਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਸਰਵਣ ਕਰਵਾਇਆ। ਇਸ ਮੌਕੇ ਭਾਈ ਹਰਮਿੱਤਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਜਰਨੈਲ ਸਿੰਘ ਸਨ, ਜਿਨ੍ਹਾਂ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਪਹਿਲੇ ਬਾਦਸ਼ਾਹ ਹੋਣ ਦਾ ਮਾਣ ਹਾਸਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੇ ਉਸਰੱਈਏ ਸਨ, ਜਿਨ੍ਹਾਂ ਨੇ ਜਾਲਮਾਂ ਨੂੰ ਸੋਧ ਕੇ ਸਿੱਖ ਰਾਜ ਕਾਇਮ ਕੀਤਾ ਅਤੇ ਖਾਲਸਾ ਰਾਜ ਦਾ ਸਿੱਕਾ ਚਲਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਹਰਜੀਤ ਸਿੰਘ ਲਾਲੂਘੁੰਮਣ, ਗੁਰਮੀਤ ਸਿੰਘ ਬੁੱਟਰ, ਗੁਰਿੰਦਰ ਸਿੰਘ ਮਥਰੇਵਾਲ, ਹਰਜਿੰਦਰ ਸਿੰਘ ਕੈਰੋਂਵਾਲ, ਨਿਰਵੈਲ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਬਲਵਿੰਦਰ ਸਿੰਘ ਖੈਰਾਬਾਦ, ਮੈਨੇਜਰ ਬਘੇਲ ਸਿੰਘ, ਸੁਖਰਾਜ ਸਿੰਘ, ਵਧੀਕ ਮੈਨੇਜਰ ਨਿਸ਼ਾਨ ਸਿੰਘ, ਆਦਿ ਮੌਜੂਦ ਸਨ। -PTC News

Related Post