ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ: ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਮਝੌਤਾ ਕਰ ਲਿਆ ਹੈ ਤੇ ਉਹ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੋਂ ਕਿਨਾਰਾ ਕਰ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ ਤੇ ਇਹ ਸਭ ਉਸੇ ਤਰੀਕੇ ਹੋਵੇਗਾ ਜਿਵੇਂ ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਨੇ ਕੀਤਾ ਹੈ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਸੁਨਾਮ ਅਤੇ ਧੂਰੀ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਹਨਾਂ ਵਿਸ਼ਾਲ ਰੈਲੀਆਂ ਨੇ ਤੈਅ ਕਰ ਦਿੱਤਾ ਹੈ ਕਿ ਇਸ ਹਲਕੇ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੀ ਜਿੱਤ ਹੋਵੇਗੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਭਾਜਪਾ ਨਾਲ ਇਸ ਕਰ ਕੇ ਸਮਝੌਤਾ ਕੀਤਾ ਹੈ ਕਿ ਕਿਉਂਕਿ ਉਹਨਾਂ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਨੂੰ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਵਾਂਗੂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਨੇ ਦਿੱਲੀ ਦੇ ਸ਼ਰਾਬ ਘੁਟਾਲੇ ਦੀ ਤਰਜ਼ ’ਤੇ ਪੰਜਾਬ ਵਿਚ ਸ਼ਰਾਬ ਘੁਟਾਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਸਮਝੌਤੇ ਦੀ ਬਦੌਲਤ ਉਹਨਾਂ ਦੀ ਗ੍ਰਿਫਤਾਰੀ ਰੁਕ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਆਧਾਰਿਤ ਕਿਸੇ ਵੀ ਪਾਰਟੀ ’ਤੇ ਵੋਟਾਂ ਲਈ ਇਤਬਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ ਦੋਵਾਂ ਨਾਲ ਪਿੱਛਲੇ ਦਰਵਾਜ਼ਿਓ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਸੂਰਤ ਵਿਚ ਉਹਨਾਂ ਦਾ ਨੁਕਸਾਨ ਨਾ ਹੋਵੇ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਭਾਜਪਾ ਨਾਲ ਉਹਨਾਂ ਦਾ ਗੈਰ ਰਸਮੀ ਸਮਝੌਤਾ ਹੈ ਤੇ ਦੂਜੇ ਪਾਸੇ ਪੰਜਾਬ ਵਿਚ ਉਹਨਾਂ ਦਾ ਕਾਂਗਰਸ ਨਾਲ ਸਮਝੌਤਾ ਹੈ ਤੇ ਉਹਨਾਂ ਬਹੁਤੇ ਹਲਕਿਆਂ ਵਿਚ ਦੋਸਤਾਨਾਂ ਮੁਕਾਬਲਾ ਕੀਤਾ ਹੈ। ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਵਿਚ ਆਪ ਕਾਂਗਰਸ ਦੇ ਖਿਲਾਫ ਲੜ ਰਹੀ ਹੈ ਪਰ ਭਗਵੰਤ ਮਾਨ ਚੰਡੀਗੜ੍ਹ ਤੇ ਹਰਿਆਣਾ ਵਿਚ ਕਾਂਗਰਸ ਲਈ ਪ੍ਰਚਾਰ ਕਰ ਰਹੇ ਹਨ।
ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਆਧਾਰਿਤ ਪਾਰਟੀਆਂ ਲਈ ਪੰਜਾਬ ਦੇ ਬਾਰਡਰ ਸੀਲ ਕੀਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਸਰਕਾਰ ਨੇ ਰਲ ਕੇ ਸਾਡੇ ਕਿਸਾਨਾਂ ਨੂੰ ਦਿੱਲੀ ਮਾਰਚ ਕਰਨ ਤੋਂ ਰੋਕਿਆ ਹੈ । ਸਾਡੇ ਕਿਸਾਨਾਂ ’ਤੇ ਹੰਝੂ ਗੈਸ ਛੱਡੀ ਜਾ ਰਹੀ ਹੈ ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ। ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਆਪਣੀ ਵੋਟ ਨਾਲ ਇਹਨਾਂ ਪਾਰਟੀਆਂ ਵਾਸਤੇ ਪੰਜਾਬ ਦੇ ਬਾਰਡਰ ਸੀਲ ਕਰ ਦਿਓ। ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ 1984 ਵਿਚ 1 ਜੂਨ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹੋਇਆ ਹਮਲਾ ਵੀ ਚੇਤੇ ਕਰਵਾਇਆ ਤੇ ਕਿਹਾ ਕਿ ਇਸੇ ਦਿਨ ਤੁਸੀਂ ਵੋਟਾਂ ਪਾਉਣੀਆਂ ਹਨ, ਇਸ ਲਈ ਇਹ ਦਿਨ ਨਾ ਭੁੱਲਣਾ।
ਬਾਦਲ ਨੇ ਲੋਕਾਂ ਨੂੰ ਉਹਨਾਂ ਦੀ ਆਪਣੀ ਪੰਜਾਬ ਦੀ ਪਾਰਟੀ ਅਕਾਲੀ ਦਲ ’ਤੇ ਵਿਸ਼ਵਾਸ ਕਰਨ ਦੀ ਵੀ ਜ਼ੋਰਦਾਰ ਅਪੀਲ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਡੱਟਦਾ ਰਿਹਾ ਹੈ ਤੇ ਹੁਣ ਵੀ ਉਸਨੇ ਪਾਰਲੀਮਾਨੀ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਜਦੋਂ ਇਹ ਸਪਸ਼ਟ ਹੋ ਗਿਆ ਕਿ ਭਾਜਪਾ ਕਿਸਾਨਾਂ ਜਾਂ ਸਿੱਖ ਕੌਮ ਨੂੰ ਦਰਪੇਸ਼ ਕੋਈ ਵੀ ਮਸਲਾ ਹੱਲ ਕਰਨ ਵਾਸਤੇ ਤਿਆਰ ਨਹੀਂ ਹੈ।
ਉਹਨਾਂ ਨੇ ਇਸ ਮੌਕੇ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਸੱਤਾ ਵਿਚ ਆਇਆ ਤਾਂ ਉਹ ਉਹਨਾਂ ਸਾਰੇ ਕਿਸਾਨਾਂ ਲਈ ਟਿਊਬਵੈਲ ਕੁਨੈਕਸ਼ਨ ਰਿਲੀਜ਼ ਕਰੇਗਾ ਜਿਹਨਾਂ ਕੋਲ ਇਕ ਵੀ ਕੁਨੈਕਸ਼ਨ ਨਹੀਂ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਜਿਹੜੀਆਂ ਬੁਢਾਪਾ ਪੈਨਸ਼ਨਾਂ, ਆਟਾ ਦਾਲ ਸਕੀਮ ਤੇ ਸ਼ਗਨ ਸਕੀਮ ਬੰਦ ਕੀਤੀਆਂ ਹਨ, ਉਹ ਪੂਰਨ ਤੌਰ ’ਤੇ ਬਹਾਲ ਕੀਤੀਆਂ ਜਾਣਗੀਆਂ।
ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਅਕਾਲੀ ਦਲ ਪੰਥ ਤੇ ਪੰਥਕ ਸੰਸਥਾਵਾਂ ਦੀ ਰਾਖੀ ਕਰਨ ਵਾਲੀ ਇਕਲੌਤੀ ਪਾਰਟੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਨਾਲ ਹੀ ਪੰਥ ਮਜ਼ਬੂਤ ਹੋਵੇਗਾ ਅਤੇ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਸਿੱਖ ਕੌਮ ਦੇ ਲਟਕਦੇ ਮਸਲੇ ਹੱਲ ਹੋਣ।
ਬਾਦਲ ਨੇ ਮਾਲੇਰਕੋਟਲਾ ਵਿਚ ਵੱਖਰਾ ਰੋਡ ਸ਼ੋਅ ਵੀ ਕੱਢਿਆ ਜਿਸਦਾ ਪ੍ਰਬੰਧ ਸੀਨੀਅਰ ਆਗੂ ਜ਼ਾਹਿਦਾ ਸੁਲੇਮਾਨ ਨੇ ਕੀਤਾ ਸੀ ਤੇ ਇਸਨੂੰ ਭਰਵਾਂ ਹੁੰਗਾਰਾ ਮਿਲਿਆ।
- PTC NEWS