ਹਰਚਰਨ ਸਿੰਘ ਬੈਂਸ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਨਿਯੁਕਤ

By  Shanker Badra August 8th 2020 12:50 PM

ਹਰਚਰਨ ਸਿੰਘ ਬੈਂਸ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਨਿਯੁਕਤ:ਚੰਡ੍ਹੀਗੜ੍ਹ : ਪ੍ਰਸਿੱਧ ਲੇਖਿਕ, ਪੱਤਰਕਾਰ ਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੰਬੇ ਸਮੇਂ ਤੋਂ ਸਭ ਤੋਂ ਨੇੜਲੇ ਨਿੱਜੀ ਵਿਸ਼ਵਾਸ ਪਾਤਰ ਮੰਨੇ ਜਾਂਦੇ ਸ੍ਰੀ ਹਰਚਰਨ ਸਿੰਘ ਬੈਂਸ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ "ਪ੍ਰਮੁੱਖ ਸਲਾਹਕਾਰ" ਵੱਜੋਂ ਨਿਯੁਕਤ ਕੀਤਾ ਗਿਆ ਹੈ। ਇਸ ਅਹਿਮ ਨਿਯੁਕਤੀ ਦਾ ਐਲਾਨ ਸਰਦਾਰ ਸੁਖਬੀਰ ਸਿੰਘ ਬਾਦਲ  ਨੇ ਖੁਦ ਅੱਜ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਰਾਹੀਂ ਕੀਤਾ।  ਸਰਦਾਰ ਬਾਦਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਸ਼੍ਰੀ ਹਰਚਰਨ ਸਿੰਘ ਬੈਂਸ ਨੂੰ ਪਾਰਟੀ ਦੀਆਂ ਪਾਲਸੀਆਂ , ਕਾਰਜ਼ਸ਼ੈੱਲੀ ਤੇ ਗਤੀਵਿਧੀਆਂ ਸਬੰਧੀ ਹਾਂ-ਪੱਖੀ ਮਾਨਸਿਕਤਾ ਅਤੇ ਲੋਕ ਰਾਏ ਤਿਆਰ ਕਰਨ ਹਿੱਤ ਵਿਆਪਕ ਅਧਿਕਾਰ ਦੇ ਦਿੱਤੇ ਗਏ ਹਨ। ਉਹ ਸਿਰਫ ਪਾਰਟੀ ਦੇ ਪ੍ਰਧਾਨ ਨੂੰ ਹੀ ਜਵਾਬ-ਦੇਹ ਹੋਣਗੇ।

ਸਰਦਾਰ ਬਾਦਲ ਨੇ ਕਿਹਾ ਕਿ  ਪਾਰਟੀ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਹੋਣ ਦੇ ਨਾਲ ਨਾਲ , ਸ੍ਰੀ ਬੈਂਸ ਨੂੰ ਕੋਰ ਕਮੇਟੀ ਸਮੇਤ ਪਾਰਟੀ ਦੀਆਂ ਸਾਰੀਆਂ ਉੱਚ ਪੱਧਰੀ ਤੇ ਫੈਸਲਾਕੁੰਨ ਇਕਾਈਆਂ ਦਾ ਸਥਾਈ ਤੇ ਵਿਸ਼ੇਸ਼ "ਮਹਿਮਾਨ ਮੈਂਬਰ " ਵੀ ਨਿਯੁਕਤ ਕੀਤਾ ਗਿਆ ਹੈ ਜਿਥੇ ਉਹ ਇੱਕ ਸਲਾਹਕਾਰ ਵੱਜੋਂ ਆਪਣੇ ਫਰਜ਼ ਨਿਭਾਉਣਗੇ।  ਮਿੱਠ ਬੋਲੜੇ, ਸੱਭਿਅ ਅਤੇ ਆਪਣੇ ਸਹਿਜ ਅਤੇ ਨਰਮ ਸੁਭਾਅ ਲਈ ਜਾਣੇ ਜਾਂਦੇ ਸ੍ਰੀ ਹਰਚਰਨ ਸਿੰਘ ਬੈਂਸ 1979 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਤੇ ਅਕਾਲੀ ਸਰਕਾਰਾਂ ਦੌਰਾਨ ਉਹ ਚਾਰ ਵਾਰੀ ਪੰਜਾਬ ਦੇ ਮੁਖ ਮੰਤਰੀ ਦੇ " ਮੀਡਿਆ ਅਤੇ ਕੌਮੀ ਮਾਮਲਿਆਂ ਦੇ ਸਲਾਹਕਾਰ ਵੱਜੋਂ ਫਰਜ਼ ਨਿਭਾ ਚੁੱਕੇ ਹਨ।

ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲਗਭਗ ਸਾਰੇ ਹੀ ਸੰਘਰਸ਼ਾਂ ਦੌਰਾਨ ਉਹਨਾਂ ਦੇ ਨਾਲ ਖੜੇ ਦਿਖਾਈ ਦਿੱਤੇ ਹਨ,ਹਾਲਾਂਕਿ ਉਹ ਕੱਟੜ ਧਰਮ ਨਿਰਪੱਖ ਸੋਚ ਦੇ ਮਾਲਿਕ ਮੰਨੇ ਜਾਂਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਲਈ ਉਹ ਖਾਲਸਾ ਪੰਥ ਦੀ ਨਿਵੇਕਲੀ , ਆਜ਼ਾਦਾਨਾ ਤੇ ਖੁਦਮੁਖਤਿਆਰ ਹਸਤੀ ਉੱਤੇ ਪਹਿਰਾ ਦੇਣ ਦੇ ਹਾਮੀ ਰਹੇ ਹਨ। ਉਹਨਾਂ ਦੀ ਸਿਆਸੀ ਵਿਚਾਰਧਾਰਾ "ਪੰਥਿਕ ਸੈਕੂਲਰਿਜ਼ਮ"  ਤੇ ਕੇਂਦਰਿਤ ਰਹੀ ਹੈ ਤੇ ਉਹ ਪਾਰਟੀ ਵੱਲੋਂ ਪੰਥਿਕ ਸਰੋਕਾਰਾਂ ਤੇ ਪਹਿਰਾ ਦੇਣ ਦੇ ਵੱਡੇ ਹਾਮੀ ਰਹੇ ਹਨ।

ਅਕਾਲੀ ਮਹਾਰਥੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਵਿਚ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਹਰਚਰਨ ਸਿੰਘ ਬੈਂਸ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਉਹਨਾਂ ਦਾ ਪਹਿਲਾ ਕੰਮ ਉਸ ਗਹਿਰੀ ਸਾਜ਼ਿਸ਼ ਨੂੰ ਨੰਗਾ ਕਰਨਾ ਹੋਏਗਾ, ਜਿਸ ਹੇਠ ਸਿੱਖ ਸੰਗਤਾਂ ਦੇ ਮਨਾਂ ਵਿਚ ਉਹਨਾਂ ਦੀਆਂ ਆਪਣੀਆਂ ਹੀ ਇਤਿਹਾਸਿਕ ਸੰਸਥਾਵਾਂ ਵਿਰੁੱਧ ਸ਼ੰਕੇ ਖੜੇ ਕਰਨ ਦਾ ਅਮਲ ਚਲ ਰਿਹਾ ਹੈ। ਉਹਨਾਂ ਕਿਹਾ ਕਿ ਹਰ ਕਿਸੇ ਨੂੰ ਨਜ਼ਰ ਆ ਰਿਹਾ ਹੈ ਕਿ ਸਿੱਖ ਸੰਗਤਾਂ ਨੂੰ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਕੇ ਖਾਲਸਾ ਪੰਥ ਨੂੰ ਆਗੂਹੀਣ ਬਣਾਉਣ ਦੀ ਗਹਿਰੀ ਸਾਜ਼ਿਸ਼ ਚੱਲ ਰਹੀ ਹੈ ,ਜਿਸ ਪਿਛੇ ਜਾਣੀਆਂ ਪਹਿਚਾਣਿਆਂ ਸਿੱਖ ਦੁਸ਼ਮਣ ਤਾਕਤਾਂ ਕੰਮ ਕਰ ਰਹੀਆਂ ਹਨ। ਸਿੱਖ ਕੌਮ ਤੇ ਉਹਨਾਂ ਦੀਆਂ ਆਪਣੀਆਂ ਹੀ ਪਹਰੇਦਾਰ   ਜਥੇਬੰਦੀਆਂ ਦਰਮਿਆਨ ਜਾਣ ਬੁਝ ਕੇ ਖਾਈ ਖੋਦਣ ਲਈ ਗਹਿਰੀ ਸਾਜ਼ਿਸ਼ ਚੱਲ ਰਹੀ ਹੈ ਤਾਂ ਕਿ ਕੋਈ ਉਹਨਾਂ ਦੇ ਹਿੱਤਾਂ ਤੇ ਪਹਿਰਾ ਦੇਣ ਵਾਲਾ ਹੀ ਨਾ ਰਹੇ।  ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਚਲ ਰਿਹਾ ਵਰਤਾਰਾ ਵੀ ਉਸੇ ਖਤਰਨਾਕ ਸਾਜ਼ਿਹ ਦਾ ਹਿੱਸਾ ਹੈ। ਇਸ ਸਾਜ਼ਿਸ਼ ਨੂੰ ਨੰਗਾ ਕਰਨਾ ਕੌਮ ਤੇ ਪੰਜਾਬ ਦੇ ਹਿੱਤਾਂ ਨੂੰ ਮਹਿਫ਼ੂਜ਼ ਰੱਖਣ ਲਈ ਜ਼ਰੂਰੀ  ਹੈ।

ਉਹਨਾਂ ਕਿਹਾ ਕਿ ਉਹ ਪੰਜਾਬ , ਦੇਸ਼ ਤੇ ਕੁੱਲ ਸੰਸਾਰ ਵਿਚ ਗੁਰੂ ਮਹਾਰਾਜ ਵੱਲੋਂ ਦਿਖਾਏ "ਸਰਬਤ ਦੇ ਭਲੇ " ਦੇ ਸੰਕਲਪ ਨੂੰ ਹੀ ਸੈਕੂਲਰਿਜ਼ਮ ਦੀ ਸਭ ਤੋਂ ਮਜ਼ਬੂਤ ਬੁਨਿਆਦ ਮੰਨਦੇ ਹਨ ਤੇ ਉਹ  ਸ਼੍ਰੋਮਣੀ ਅਕਾਲੀ ਦਲ ਵੱਲੋਂ ਸਭ ਧਰਮ ਅਤੇ ਸਮਾਜ ਦੇ ਸਮੂਹ ਵਰਗਾਂ ਪ੍ਰਤੀ ਵਚਨਬੱਧਤਾ ਸਬੰਧੀ ਪੰਜਾਬ ਤੇ ਪੰਜਾਬ ਤੋਂ ਬਾਹਿਰ ਸੰਗਤਾਂ ਨੂੰ ਜਾਗਰੂਕ ਕਰਨ ਲਈ ਕੰਮ ਕਰਨਗੇ। ਉਹਨਾਂ ਕਿਹਾ ਕਿ ਹਾਲਾਂਕਿ ਉਹ ਪਹਿਲਾਂ ਤੋਂ ਹੀ  ਪਾਰਟੀ ਲਈ ਕੰਮ ਕਰ ਰਹੇ ਹਨ ਪਰ ਉਹ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਤਿਗੁਰਾਂ ਦਾ ਓਟ ਆਸਰਾ ਲੈਣ  ਲਈ ਨਤਮਸਤਕ ਹੋਣ ਤੋਂ ਬਾਅਦ ਹੀ ਆਪਣਾ ਨਵਾਂ ਅਹੁਦਾ ਸੰਭਾਲਣਗੇ ਤੇ ਉਹ ਇਸ ਅਮਲ ਨੂੰ ਨਿੱਜੀ ਰੱਖਣਗੇ।

-PTCNews

Related Post