ਹਰਸਿਮਰਤ ਕੌਰ ਬਾਦਲ ਨੇ ਨਾਂਦੇੜ 'ਚ ਨਵੀਂ ਨਾਂਦੇੜ-ਜੰਮੂ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

By  Shanker Badra October 5th 2018 07:22 PM

ਹਰਸਿਮਰਤ ਕੌਰ ਬਾਦਲ ਨੇ ਨਾਂਦੇੜ 'ਚ ਨਵੀਂ ਨਾਂਦੇੜ-ਜੰਮੂ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਂਦੇੜ ਵਿਖੇ ਨਾਂਦੇੜ-ਜੰਮੂ ਜਾਣ ਵਾਲੀ ਇੱਕ ਨਵੀਂ ਰੇਲ ਗੱਡੀ ਦਾ ਉਦਘਾਟਨ ਕੀਤਾ।ਇਹ ਰੇਲ ਗੱਡੀ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਅਤੇ ਜੰਮੂ ਵਿਚ ਮਾਤਾ ਮਨਸ਼ਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਉੱਤਰਾਖੰਡ ਵਿਚ ਸ੍ਰੀ ਹੇਮਕੁੰਟ ਸਾਹਿਬ, ਹਰਿਦਵਾਰ, ਬਦਰੀਨਾਥ ਅਤੇ ਕੇਦਾਰਨਾਥ ਵਿਖੇ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਵਰਦਾਨ ਸਾਬਿਤ ਹੋਵੇਗੀ।

ਬੀਬੀ ਬਾਦਲ ਨਾਲ ਇਸ ਮੌਕੇ ਐਸਜੀਪੀਸੀ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਚੇਅਰਮੈਨ ਸਰਦਾਰ ਤਾਰਾ ਸਿੰਘ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਿਰ ਸਨ।ਬੀਬੀ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਦਾ ਉਹਨਾਂ ਦੀ ਬੇਨਤੀ ਸਵੀਕਾਰ ਕਰਨ ਲਈ ਧੰਨਵਾਦ ਕੀਤਾ ਜੋ ਕਿ ਉਹਨਾਂ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,ਨਾਂਦੇੜ ਦੀ ਮੈਨੇਜਮੈਂਟ ਵੱਲੋਂ ਇਸ ਸਹੂਲਤ ਵਾਸਤੇ ਕੀਤੀ ਗੁਜ਼ਾਰਿਸ਼ ਮਗਰੋਂ ਕੀਤੀ ਸੀ।

ਉਹਨਾਂ ਕਿਹਾ ਕਿ ਤਖ਼ਤ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਜੰਮੂ ਅਤੇ ਨਾਂਦੇੜ ਵਿਚਕਾਰ ਸਿੱਧੀ ਰੇਲ ਗੱਡੀ ਨਾ ਹੋਣ ਕਰਕੇ ਸ੍ਰੀ ਹਜ਼ੂਰ ਸਾਹਿਬ ਅਤੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮਹਾਂਰਾਸ਼ਟਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਉੱਤਰਾਖੰਡ ਵਿਚ ਸ੍ਰੀ ਹੇਮਕੁੰਟ ਸਾਹਿਬ, ਹਰਦਵਾਰ, ਬਦਰੀਨਾਥ ਅਤੇ ਕੇਦਾਰਨਾਥ ਸਮੇਤ ਬਹੁਤ ਸਾਰੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਿਚ ਮੁਸ਼ਕਿਲ ਆ ਰਹੀ ਸੀ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਨਾਂਦੇੜ ਨੂੰ ਜੰਮੂ ਨਾਲ ਜੋੜਣ ਲਈ ਨਿਭਾਈ ਭੂਮਿਕਾ ਲਈ ਬੀਬੀ ਬਾਦਲ ਦਾ ਧੰਨਵਾਦ ਕੀਤਾ,ਜਿਸ ਦੀ ਸਿੱਖ ਅਤੇ ਹਿੰਦੂ ਦੋਵੇਂ ਭਾਈਚਾਰਿਆਂ ਲਈ ਵੱਡੀ ਅਹਿਮੀਅਤ ਹੈ।ਉਹਨਾਂ ਕਿਹਾ ਕਿ ਬਜ਼ੁਰਗਾਂ ਲਈ ਇਹ ਰੇਲ ਗੱਡੀ ਵਰਦਾਨ ਸਾਬਿਤ ਹੋਵੇਗੀ ਅਤੇ ਸ਼ਰਧਾਲੂਆਂ ਲਈ ਯਾਤਰਾ ਨੂੰ ਸੌਖਾ ਬਣਾਏਗੀ।

-PTCNews

Related Post