ਗਰਮੀ ਨੇ ਲੋਕਾਂ ਦੇ ਕੱਢੇ ਵੱਟ, 50 ਡਿਗਰੀ ਤੱਕ ਪਹੁੰਚਿਆ ਪਾਰਾ, ਸੜਕਾਂ ਸੁੰਨਸਾਨ

By  Shanker Badra May 27th 2020 03:52 PM

ਗਰਮੀ ਨੇ ਲੋਕਾਂ ਦੇ ਕੱਢੇ ਵੱਟ, 50 ਡਿਗਰੀ ਤੱਕ ਪਹੁੰਚਿਆ ਪਾਰਾ, ਸੜਕਾਂ ਸੁੰਨਸਾਨ:ਚੰਡੀਗੜ੍ਹ: ਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ਨੀਵਾਰ ਤੋਂ ਭਿਆਨਕ ਗਰਮੀ ਪੈ ਰਹੀ ਹੈ। ਇਸ ਦੌਰਾਨ ਦੁਪਹਿਰ ਵੇਲੇ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢਕੇ ਰੱਖ ਦਿੱਤੇ ਹਨ। ਜਿੱਥੇ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਸੜਕਾਂ ਸੁੰਨਸਾਨ ਸਨ, ਉੱਥੇ ਹੀ ਹੁਣ ਅੱਤ ਦੀ ਪੈ ਰਹੀ ਗਰਮੀ ਨੇ ਸੜਕਾਂ ਅਤੇ ਬਾਜ਼ਾਰਾਂ 'ਚ ਕਰਫਿਊ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ।

ਦਿੱਲੀ 'ਚ ਗਰਮੀ ਨੇ 18 ਸਾਲ ਦਾ ਰਿਕਾਰਡ ਤੋੜ੍ਹਿਆ ਹੈ, ਉੱਥੇ ਹੀ ਰਾਜਸਥਾਨ ਦਾ ਚੁਰੂ ਮੰਗਲਵਾਰ ਨੂੰ ਦੇਸ਼ ਦਾ ਸਭ ਤੋਂ ਗਰਮ ਜ਼ਿਲ੍ਹਾ ਸੀ, ਜਿੱਥੇ ਤਾਪਮਾਨ 50 ਡਿਗਰੀ ਮਾਪਿਆ ਗਿਆ ਹੈ। ਰਾਜਸਥਾਨ ਤੋਂ ਇਲਾਵਾ ਉੱਤਰ ਭਾਰਤ ਦੇ ਕਈ ਰਾਜਾਂ ਨੂੰ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਤਰ੍ਹਾਂ ਬਠਿੰਡਾ ਤੇ ਫਰੀਦਕੋਟ ਸਭ ਤੋਂ ਗਰਮ ਰਹੇ ਹਨ। ਪੰਜਾਬ ਖੇਤੀ ਯੂਨੀਵਰਸਿਟੀ ਦੇ ਸਕੂਲ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰਲ ਮੈਟਰੋਲੌਜੀਕਲ ਦੇ ਮੁਤਾਬਕ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 45.5 ਤੇ ਫਰੀਦਕੋਟ 'ਚ 45.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਲੁਧਿਆਣਾ 'ਚ 43 ਤੇ ਗੁਰਦਾਸਪੁਰ 'ਚ 41.5 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ 24 ਘੰਟਿਆਂ ਵਿੱਚ ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ ਵਿੱਚ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਵਧੇਰੇ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਬਿਹਾਰ, ਝਾਰਖੰਡ, ਉੜੀਸਾ, ਮਰਾਠਵਾੜਾ ਤੇ ਮੱਧ ਪ੍ਰਦੇਸ਼ ਵਿੱਚ ਤਾਪਮਾਨ ਵਿੱਚ ਵਾਧੇ ਦੇ ਕਾਰਨ ਲੋਕਾਂ ਨੂੰ ਅਗਲੇ ਦੋ ਤਿੰਨ ਦਿਨਾਂ ਤੱਕ ਗਰਮੀ ਦੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

-PTCNews

Related Post