ਟਿੱਡੀ ਦਲ ਹਮਲਾ - ਪੀਐਮ ਮੋਦੀ ਨੇ ਟਿੱਡੀਆਂ ਦੇ ਹਮਲੇ ਤੋਂ ਪ੍ਰਭਾਵਤ ਸਾਰੇ ਰਾਜਾਂ ਨੂੰ ਮਦਦ ਦੇਣ ਦਾ ਕੀਤਾ ਵਾਅਦਾ

By  Kaveri Joshi May 31st 2020 05:12 PM

ਟਿੱਡੀ ਦਲ ਹਮਲਾ - ਪੀਐਮ ਮੋਦੀ ਨੇ ਟਿੱਡੀਆਂ ਦੇ ਹਮਲੇ ਤੋਂ ਪ੍ਰਭਾਵਤ ਸਾਰੇ ਰਾਜਾਂ ਨੂੰ ਮਦਦ ਦੇਣ ਦਾ ਕੀਤਾ ਵਾਅਦਾ: ਟਿੱਡੀ ਦਲ ਦਾ ਖਤਰਾ ਪੂਰੇ ਦੇਸ਼ ਦੇ ਕਿਸਾਨਾਂ ਦੇ ਚਿਹਰਿਆਂ 'ਤੇ ਸਾਫ਼ ਨਜ਼ਰ ਆ ਰਿਹਾ ਹੈ। ਟਿੱਡੀਆਂ ਵੱਲੋਂ ਕਈ ਰਾਜਾਂ 'ਚ ਨੁਕਸਾਨ ਕੀਤੇ ਜਾਣ 'ਤੇ ਅੱਜ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੇ ਪੱਖ 'ਚ ਗੱਲ ਕਰਦਿਆਂ ਆਖਿਆ ਹੈ ਕਿ ਟਿੱਡੀ ਦਲ ਦੇ ਹਮਲਿਆਂ ਤੋੰ ਪ੍ਰਭਾਵਿਤ ਰਾਜਾਂ ਨੂੰ ਮਦਦ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ''ਮਨ ਕੀ ਬਾਤ'' 'ਤੇ ਕੀਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਦੇਸ਼ 'ਚ ਪੱਸਰੇ ਕੋਰੋਨਾ, ਪੂਰਬੀ ਭਾਰਤ 'ਚ ਤੂਫ਼ਾਨ ਦੀ ਆਫ਼ਤ ਅਤੇ ਟਿੱਡੀ ਦਲ ਬਾਰੇ ਚਿੰਤਾ ਵਿਅਕਤ ਕੀਤੀ।

“ਦੇਸ਼ ਦੇ ਬਹੁਤ ਸਾਰੇ ਹਿੱਸੇ ਟਿੱਡੀਆਂ ਦੇ ਹਮਲੇ ਤੋਂ ਪ੍ਰਭਾਵਿਤ ਹਨ। ਇਨ੍ਹਾਂ ਹਮਲਿਆਂ ਨੇ ਸਾਨੂੰ ਯਾਦ ਦਿਵਾਇਆ ਹੈ ਕਿ ਕਿਸ ਤਰ੍ਹਾਂ ਇਹ ਛੋਟੇ ਕੀੜੇ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ, ”ਪ੍ਰਧਾਨ ਮੰਤਰੀ ਮੋਦੀ ਨੇ ਕਿਹਾ। ਉਨ੍ਹਾਂ ਕਿਹਾ ਕਿ , ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਖੇਤੀਬਾੜੀ ਖੇਤਰ 'ਤੇ ਬਣੇ ਇਸ ਸੰਕਟ ਨਾਲ ਜਲਦੀ ਨਜਿੱਠ ਲਵਾਂਗੇ।

ਦੱਸ ਦੇਈਏ ਕਿ ਟਿੱਡੀ ਦਲ ਨੇ ਭਾਰਤ ਦੇ ਰਾਜਸਥਾਨ, ਮੱਧ ਪ੍ਰਦੇਸ਼ , ਉੱਤਰ ਪ੍ਰਦੇਸ਼ , ਹਰਿਆਣਾ, ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਹਮਲਾ ਬੋਲਿਆ ਹੈ। ਹਾਲਾਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸਦੇ ਖਾਤਮੇ ਲਈ ਪੁਖਤਾ ਕਦਮ ਪੁੱਟੇ ਗਏ ਹਨ , ਫਿਰ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਚਿਹਰੇ 'ਤੇ ਚਿੰਤਾ ਦੇ ਨਿਸ਼ਾਨ ਹਨ।

ਦੱਸ ਦੇਈਏ ਕਿ ਟਿੱਡੀ ਦਲ ਅਜਿਹੇ ਕੀੜੇ ਹਨ ਜੋ ਹਵਾ ਦੇ ਰੁਖ ਅਨੁਸਾਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪੁੱਜ ਸਕਦੇ ਹਨ ਅਤੇ ਕੁਝ ਹੀ ਸਮੇਂ 'ਚ ਫਸਲਾਂ, ਰੁੱਖਾਂ ਦੇ ਪੱਤੇ ਅਤੇ ਪੌਦਿਆਂ ਨੂੰ ਖਾਣ ਦੀ ਸਮਰੱਥਾ ਰੱਖਦੇ ਹਨ।

ਖੇਤੀਬਾੜੀ ਵਿਭਾਗ ਅਨੁਸਾਰ ਕਿਸਾਨ ਤੇਜ਼ ਧੁਨੀ, ਉੱਚੇ ਖੜਾਕ ਅਤੇ ਦਵਾਈ ਦੀ ਸਪਰੇਅ ਦੇ ਇਸਤੇਮਾਲ ਨਾਲ ਇਨ੍ਹਾਂ ਦੇ ਹਮਲੇ ਤੋਂ ਬਚਾਅ ਕਰ ਸਕਦੇ ਹਨ।

ਦੱਸ ਦੇਈਏ ਕਿ ਪਾਕਿਸਤਾਨ ਤੋਂ ਆਏ ਟਿੱਡੀਆਂ ਦੇ ਝੁੰਡ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਦਾਖਲ ਹੋ ਗਏ ਹਨ, ਜਿਸ ਨਾਲ ਨਰਮੇ ਦੀਆਂ ਫਸਲਾਂ ਅਤੇ ਸਬਜ਼ੀਆਂ ਦੇ ਖਰਾਬ ਹੋਣ ਖਤਰਾ ਜਤਾਇਆ ਹੈ। ਰਾਜਸਥਾਨ ਸਭ ਤੋਂ ਪ੍ਰਭਾਵਤ ਰਾਜ ਹੈ।

Related Post