2014 ਦੇ ਫਰਜ਼ੀ ਪੁਲਿਸ ਮੁਕਾਬਲੇ 'ਚ 2 ਪੁਲਿਸ ਮੁਲਾਜ਼ਮ ਸਮੇਤ 3 ਵਿਅਕਤੀ ਦੋਸ਼ੀ ਕਰਾਰ

By  Jasmeet Singh October 10th 2022 05:21 PM -- Updated: October 10th 2022 05:25 PM

ਲੁਧਿਆਣਾ, 10 ਅਕਤੂਬਰ: ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਭਰਾਵਾਂ ਦੇ ਮਾਰੇ ਜਾਣ ਦੇ ਅੱਠ ਸਾਲਾਂ ਤੋਂ ਵੱਧ ਸਮੇਂ ਬਾਅਦ, ਲੁਧਿਆਣੇ ਦੀ ਇੱਕ ਸਥਾਨਕ ਅਦਾਲਤ ਨੇ ਇਸ ਮਾਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ 2 ਪੁਲਿਸ ਮੁਲਾਜ਼ਮਾਂ ਸਣੇ ਤਿੰਨ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ, ਇਸ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀਆਂ ਨੂੰ 37-37 ਹਜ਼ਾਰ ਦਾ ਜ਼ੁਰਮਾਨਾ ਜਦੋਂ ਕਿ ਤੀਜੇ ਦੋਸ਼ੀ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।

27 ਸਤੰਬਰ 2014 ਨੂੰ ਦੋ ਭਰਾਵਾਂ ਹਰਿੰਦਰ ਸਿੰਘ ਲਾਲੀ ਅਤੇ ਜਤਿੰਦਰ ਸਿੰਘ ਗੋਲਡੀ ਦਾ ਆਹਲੂਵਾਲੀਆ ਕਲੋਨੀ ਜਮਾਲਪੁਰ, ਲੁਧਿਆਣਾ ਵਿੱਚ ਇੱਕ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਜਮਾਲਪੁਰ ਥਾਣੇ ਵਿੱਚ ਆਈਪੀਸੀ ਦੀ ਧਾਰਾ 302 (ਕਤਲ), 34 (ਕਈ ਵਿਅਕਤੀਆਂ ਦੁਆਰਾ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਕੰਮ) ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ। ਜਦੋਂ ਕਿ ਧਾਰਾ 34 ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ।

ਜਾਂਚ ਦੌਰਾਨ ਧਾਰਾ 148 (ਦੰਗੇ, ਮਾਰੂ ਹਥਿਆਰਾਂ ਨਾਲ ਲੈਸ) ਅਤੇ 149 (ਗੈਰਕਾਨੂੰਨੀ ਇਕੱਠ), ਆਈਪੀਸੀ ਦੀ 120-ਬੀ (ਅਪਰਾਧਿਕ ਸਾਜ਼ਿਸ਼) ਅਤੇ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ। ਇਸ ਮਾਮਲੇ 'ਚ ਮੁਲਜ਼ਮ ਗੁਰਜੀਤ ਸਿੰਘ ਸੈਮ, ਕਾਂਸਟੇਬਲ ਯਾਦਵਿੰਦਰ ਸਿੰਘ, ਪੰਜਾਬ ਹੋਮ ਗਾਰਡ ਅਜੀਤ ਸਿੰਘ, ਪੀਐਚਜੀ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂਕਿ ਇੰਸਪੈਕਟਰ ਮਨਜਿੰਦਰ ਸਿੰਘ, ਜਿਸ ਨੂੰ ਬਾਅਦ ਵਿੱਚ ਬਰਖਾਸਤ ਕਰ ਦਿੱਤਾ ਗਿਆ ਅਤੇ ਉਸ ਦੇ ਰੀਡਰ ਸੁਖਬੀਰ ਸਿੰਘ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ।

ਸ਼ਿਕਾਇਤਕਰਤਾਵਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਸੁਣਵਾਈ ਦੌਰਾਨ 51 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਗੁਰਜੀਤ ਸਿੰਘ ਸੈਮ, ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ (ਪੀ.ਐਚ.ਜੀ.) ਨੂੰ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਆਰਮਜ਼ ਐਕਟ ਲਈ ਦੋਸ਼ੀ ਠਹਿਰਾਇਆ ਗਿਆ ਪਰ SC/ST ਐਕਟ ਦੀਆਂ ਧਾਰਾਵਾਂ ਵਿੱਚ ਬਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਨੇ ਉੱਚ ਅਧਿਕਾਰੀਆਂ ਕੋਲ ਮਾਮਲਾ ਉਠਾਇਆ। 18 ਸਤੰਬਰ 2014 ਦੀ ਸ਼ਿਕਾਇਤ ਦੇ ਆਧਾਰ 'ਤੇ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਨੇ ਖੰਨਾ ਦੇ ਐਸਐਸਪੀ ਤੋਂ ਰਿਪੋਰਟ ਮੰਗੀ ਸੀ, ਜਿਸ ਨੇ ਬਦਲੇ ਵਿੱਚ ਡੀਐਸਪੀ ਖੰਨਾ ਨੂੰ ਜਾਂਚ ਮਾਰਕ ਕੀਤੀ ਸੀ। ਪਰ ਜਾਂਚ ਦੌਰਾਨ ਦੋਵੇਂ ਭਰਾਵਾਂ ਦਾ ਕਤਲ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਕਲਮਛੋੜ ਹੜਤਾਲ ਸ਼ੁਰੂ

ਸਜ਼ਾ ਸੁਣਾਉਣ ਤੋਂ ਬਾਅਦ ਮ੍ਰਿਤਕਾਂ ਦੇ ਮਾਤਾ-ਪਿਤਾ ਭਾਵੁਕ ਹੁੰਦੇ ਵਿਖਾਈ ਦਿੱਤੇ। ਉਹਨਾਂ ਨੇ ਕਿਹਾ ਕਿ ਇਸ ਕੇਸ ਵਿਚ ਇਕ ਪੁਲਿਸ ਮੁਲਾਜ਼ਮ ਨੂੰ ਰਿਹਾ ਕਰ ਦਿੱਤਾ ਗਿਆ ਹੈ ਜਿਸ ਨੂੰ ਸਜ਼ਾ ਦਵਾਉਣ ਲਈ ਹੁਣ ਉਹ ਹਾਈਕੋਰਟ ਦਾ ਰੁਖ ਕਰਨਗੇ, ਕੋਰਟ ਨੇ ਤਿੰਨੇ ਦੋਸ਼ੀਆਂ ਨੂੰ ਆਰਮ ਐਕਟ ਅਤੇ ਸਾਜ਼ਿਸ਼ ਰਚਨ ਦੇ ਵਿੱਚ ਦੋਸ਼ੀ ਪਾਇਆ ਸੀ। ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮ ਹਾਲੇ ਵੀ ਫ਼ਰਾਰ ਹਨ ਜਿਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ।

-PTC News

Related Post