ਭਾਰਤ-ਚੀਨ ਤਣਾਅ - ਅਮਰੀਕਾ ਯੂਰਪ ਤੋਂ ਹਟਾ ਕੇ ਏਸ਼ੀਆ 'ਚ ਸੈਨਾ ਕਰੇਗਾ ਤਾਇਨਾਤ !

By  Kaveri Joshi June 26th 2020 06:12 PM

ਭਾਰਤ-ਚੀਨ ਤਣਾਅ - ਅਮਰੀਕਾ ਯੂਰਪ ਤੋਂ ਹਟਾ ਕੇ ਏਸ਼ੀਆ 'ਚ ਸੈਨਾ ਕਰੇਗਾ ਤਾਇਨਾਤ !: ਭਾਰਤ-ਚੀਨ ਸਰਹੱਦ 'ਤੇ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਮੁੱਠਭੇੜ ਤੋਂ ਬਾਅਦ ਭਾਰਤ ਦੇ ਨਾਲ-ਨਾਲ ਅਮਰੀਕਾ ਵੀ ਚੌਕਸ ਦਿਖਾਈ ਦੇ ਰਿਹਾ ਹੈ । ਦੱਸ ਦੇਈਏ ਕਿ ਭਾਰਤ-ਚੀਨ ਤਣਾਅ ਦੇ ਮੱਦੇਨਜ਼ਰ ਅਮਰੀਕਾ ਨੇ ਯੂਰਪ ਤੋਂ ਸੈਨਾ ਹਟਾ ਕੇ ਏਸ਼ੀਆ 'ਚ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਭਾਰਤ ਤੇ ਦੱਖਣੀ ਏਸ਼ੀਆ ਲਈ ਚੀਨ ਦੇ ਖ਼ਤਰੇ ਨੂੰ ਦੇਖਦਿਆਂ ਇਹ ਨਿਰਣਾ ਕੀਤਾ ਗਿਆ ਹੈ , ਸਿਰਫ਼ ਇਹੀ ਨਹੀਂ ਬਲਕਿ ਅਮਰੀਕਾ ਨੇ ਯੂਰਪ 'ਚ ਆਪਣੇ ਫੌਜੀਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ । ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ , ਮਲੇਸ਼ੀਆ , ਇੰਡੋਨੇਸ਼ੀਆ ਅਤੇ ਫਿਲੀਪੀਨ ਵਰਗੇ ਏਸ਼ਿਆਈ ਦੇਸ਼ਾਂ ਨੂੰ ਚੀਨ ਦੇ ਤੋਂ ਵੱਧਦੇ ਖ਼ਤਰੇ ਨੂੰ ਦੇਖਦੇ ਅਮਰੀਕਾ ਦੁਨੀਆਂ ਭਰ 'ਚ ਆਪਣੀਆਂ ਫੌਜਾਂ ਦੀ ਤੈਨਾਤੀ ਦੀ ਸਮੀਖਿਆ ਕਰ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਤਾਇਨਾਤ ਕਰ ਰਿਹਾ ਹੈ, ਤਾਂ ਜੋ ਜ਼ਰੂਰਤ ਮਹਿਸੂਸ ਹੋਣ 'ਤੇ People's Liberation Army ਪੀਪਲਸ ਲਿਬਰੇਸ਼ਨ ਆਰਮੀ ( ਚੀਨ ਦੀ ਸੈਨਾ ) ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ ।

ਮਾਈਕ ਪੋਂਪਿਓ ਨੇ ਕਿਹਾ ਕਿ "ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਇੱਕ ਚੁਣੌਤੀ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਨ ਜਾ ਰਹੇ ਹਾਂ ਕਿ ਚੀਨ ਨਾਲ ਮੁਕਾਬਲਾ ਕਰਨ ਲਈ ਸਾਡੇ ਕੋਲ ਵਾਜਿਬ ਅਤੇ ਜ਼ਰੂਰੀ ਸਰੋਤ ਉਪਲਬੱਧ ਹਨ." । ਮਾਈਕ ਨੇ ਇਹ ਨਹੀਂ ਦੱਸਿਆ ਕਿ ਇਹ ਕਿਵੇਂ ਕੀਤਾ ਜਾਵੇਗਾ , ਪਰ ਉਹਨਾਂ ਨੇ ਇਹ ਕਿਹਾ ਕਿ ਜਰਮਨੀ 'ਚ ਅਮਰੀਕੀ ਸੈਨਿਕਾਂ ਨੂੰ ਘੱਟ ਕਰਨ ਦਾ ਫੈਸਲਾ ਬਹੁਤ ਸੋਚ-ਵਿਚਾਰ ਕਰਕੇ ਤਿਆਰ ਕੀਤੀ ਗਈ ਇੱਕ ਰਣਨੀਤੀ ਦਾ ਅਹਿਮ ਹਿੱਸਾ ਹੈ , ਕਿਉਕਿ ਉਹਨਾਂ ਨੂੰ ਏਸ਼ੀਆ 'ਚ ਤਾਇਨਾਤ ਕੀਤਾ ਜਾਣਾ ਸੀ ।

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਜਰਮਨੀ ਤੋਂ ਅਮਰੀਕਾ ਆਪਣੇ ਫ਼ੌਜੀਆਂ ਦੀ ਗਿਣਤੀ ਨੂੰ ਘਟਾਏਗਾ।ਡੋਨਾਲਡ ਟਰੰਪ ਦੇ ਇਸ ਫ਼ੈਸਲੇ 'ਤੇ ਯੂਰਪੀ ਯੂਨੀਅਨ ਦੇ ਮੈਂਬਰਾਂ ਨੇ ਵੀ ਸਹਿਮਤੀ ਜਤਾਈ ਸੀ। ਉਹਨਾਂ ਕਿਹਾ ਕਿ ," ਕੁਝ ਥਾਵਾਂ 'ਤੇ ਅਮਰੀਕੀ ਸਰੋਤ ਘੱਟ ਹੋਣਗੇ , ਕੁਝ ਹੋਰ ਥਾਵਾਂ ਵੀ ਹੋਣਗੀਆਂ! ਉਹਨਾਂ ਚੀਨੀ ਕਮਿਊਨਿਸਟ ਪਾਰਟੀ ਤੋਂ ਖਤਰੇ ਦੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਹੁਣ ਭਾਰਤ , ਵਿਯਤਨਾਮ , ਮਲੇਸ਼ੀਆ ਅਤੇ ਇੰਡੋਨੇਸ਼ੀਆ ਨੂੰ ਖਤਰਾ , ਦੱਖਣੀ ਚੀਨ ਸਾਗਰ ਦੀਆਂ ਚੁਣੌਤੀਆਂ ਹਨ ।

ਬ੍ਰਸੈੱਲਜ਼ ਫੋਰਮ 2020 'ਚ ਵਰਚੁਅਲ ਰੂਪ 'ਚ ਸ਼ਾਮਿਲ ਹੁੰਦਿਆਂ ਪੋਂਪਿਓ ਨੇ ਕਿਹਾ- ਪੀਐੱਲਏ ਨੇ ਭਾਰਤ ਨਾਲ ਸਰਹੱਦੀ ਵਿਵਾਦ ਵਧਾਇਆ ਹੈ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਸਾਡੀ ਸੈਨਾ ਦੀ ਤੈਨਾਤੀ ਅਜਿਹੀ ਹੋਵੇ ਕਿ ( PLA ) ਦਾ ਮੁਕਾਬਲਾ ਕੀਤਾ ਜਾ ਸਕੇ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਫੈਲਾਅ ਨੂੰ ਲੈ ਕੇ ਵੀ ਅਮਰੀਕਾ ਚੀਨ ਤੋਂ ਕਾਫ਼ੀ ਖਫ਼ਾ ਹੈ ।ਭਾਰਤ 'ਤੇ ਚੀਨ ਵਿਚਾਲੇ ਹੋਈ ਮੁੱਠਭੇੜ ਤੋਂ ਬਾਅਦ ਮਾਈਕ ਪੋਂਪਿਓ ਦਾ ਇਹ ਬਿਆਨ ਭਾਰਤ ਦੇ ਪੱਖ 'ਚ ਤਾਂ ਲੱਗ ਰਿਹਾ ਹੈ ਪਰ ਫ਼ਿਲਹਾਲ ਦੇਖਦੇ ਹਾਂ ਕਿ ਮਾਈਕ ਪੋਂਪਿਓ ਦੇ ਇਸ ਬਿਆਨ ਤੋਂ ਬਾਅਦ ਕੀ ਸਿੱਟੇ ਨਿਕਲਦੇ ਹਨ ।

Related Post