Coronavirus: ਕੋਰੋਨਾ ਵਾਇਰਸ ਕਾਰਨ ਈਰਾਨ ’ਚ ਫਸੇ 58 ਭਾਰਤੀਆਂ ਨੂੰ ਬਚਾਇਆ, ਪਹਿਲੇ ਜਥੇ ਨੂੰ ਲੈ ਕੇ ਪਹੁੰਚਿਆ ਜਹਾਜ਼

By  Shanker Badra March 10th 2020 04:42 PM

Coronavirus: ਕੋਰੋਨਾ ਵਾਇਰਸ ਕਾਰਨ ਈਰਾਨ ’ਚ ਫਸੇ 58 ਭਾਰਤੀਆਂ ਨੂੰ ਬਚਾਇਆ, ਪਹਿਲੇ ਜਥੇ ਨੂੰ ਲੈ ਕੇ ਪਹੁੰਚਿਆ ਜਹਾਜ਼:ਨਵੀਂ ਦਿੱਲੀ: ਚੀਨ ’ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਹੁਣ ਇਟਲੀ ਤੇ ਈਰਾਨ ’ਚ ਵੀ ਦਹਿਸ਼ਤ ਫੈਲਾ ਰਿਹਾ ਹੈ। ਈਰਾਨ ’ਚ ਇਸ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 237 ਤੱਕ ਪੁੱਜ ਗਈ ਹੈ। ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਈਰਾਨ ਤੋਂ ਭਾਰਤੀ ਹਵਾਈ ਫੌਜ ਦਾ ਜਹਾਜ਼ ਮੰਗਲਵਾਰ ਨੂੰ 58 ਭਾਰਤੀਆਂ ਨਾਲ ਭਾਰਤ ਪਹੁੰਚ ਗਿਆ ਹੈ।

ਇਨ੍ਹਾਂ 58 ਭਾਰਤੀਆਂ ਨੂੰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਤੋਂ ਬਚਾ ਲੈ ਲਿਆਂਦਾ ਗਿਆ ਹੈ। ਇਸ ਸਬੰਧੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੰਗਲਵਾਰ ਸਵੇਰੇ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰੀ ਨੇ ਮੰਗਲਵਾਰ ਸਵੇਰੇ ਟਵੀਟ ਕੀਤਾ ਸੀ ਕਿ ‘58 ਭਾਰਤੀਆਂ ਦਾ ਪਹਿਲਾ ਜਥਾ ਇਰਾਨ ਤੋਂ ਦਿੱਲੀ ਜਾ ਰਿਹਾ ਹੈ। ਭਾਰਤੀ ਹਵਾਈ ਸੈਨਾ ਦੇ ਸੀ -17 ਜਹਾਜ਼ ਨੇ ਤਹਿਰਾਨ ਤੋਂ ਉਡਾਣ ਭਰੀ ਹੈ ਅਤੇ ਜਲਦੀ ਹੀ ਉਹ ਹਿੰਡਨ ਏਅਰਬੇਸ 'ਤੇ ਉਤਰੇਗਾ।

ਇਹ ਸਾਰੇ ਭਾਰਤੀ ਨਾਗਰਿਕ ਧਾਰਮਿਕ ਯਾਤਰਾ ਲਈ ਈਰਾਨ ਗਏ ਸਨ। ਇਸ ਦੌਰਾਨ ਕੋਰੋਨਾ ਵਾਇਰਸ ਨੇ ਈਰਾਨ ’ਚ ਪੈਰ ਪਸਾਰ ਲਏ ਤੇ ਹਰ ਪਾਸੇ ਦਹਿਸ਼ਤ ਫੈਲ ਗਈ ਹੈ। ਭਾਰਤ ਸਰਕਾਰ ਵੀ ਅਲਰਟ ਹੋ ਗਈ ਤੇ ਈਰਾਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਵਿਦੇਸ਼ ਮੰਤਰੀ ਨੇ ਦੱਸਿਆ ਸੀ ਕਿ ਸਰਕਾਰ ਪਹਿਲਾਂ ਤੀਰਥ ਯਾਤਰੀਆਂ ਨੂੰ ਈਰਾਨ ’ਚੋਂ ਬਾਹਰ ਲਿਆਉਣ ਦੀ ਪ੍ਰਕਿਰਿਆ ’ਚ ਹੈ, ਜੋ ਆਮ ਤੌਰ ਉੱਤੇ ਉਮਰ ਵਿੱਚ ਵੱਡੇ ਹੁੰਦੇ ਹਨ। ਵੱਡੀ ਉਮਰ ਹੋਣ ਕਾਰਨ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਜਾਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ।

-PTCNews

Related Post