ਅੰਤਰਰਾਸ਼ਟਰੀ ਨਗਰ ਕੀਰਤਨ ਦੇ ਮੁੰਬਈ ਦੀਆਂ ਸੰਗਤਾਂ ਨੇ ਕੀਤੇ ਦਰਸ਼ਨ ਤੇ ਪ੍ਰਗਟਾਈ ਸ਼ਰਧਾ

By  Jashan A September 22nd 2019 07:28 PM

ਅੰਤਰਰਾਸ਼ਟਰੀ ਨਗਰ ਕੀਰਤਨ ਦੇ ਮੁੰਬਈ ਦੀਆਂ ਸੰਗਤਾਂ ਨੇ ਕੀਤੇ ਦਰਸ਼ਨ ਤੇ ਪ੍ਰਗਟਾਈ ਸ਼ਰਧਾ,ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਬੇਲਾਪੁਰ ਨਵੀਂ ਮੁੰਬਈ ਵਿਖੇ ਪੁੱਜਾ, ਜਿਥੇ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸ਼ਰਧਾ ਪ੍ਰਗਟਾਈ। ਰਾਤ ਸਮੇਂ ਨਗਰ ਕੀਰਤਨ ਇਥੇ ਪੁੱਜਣ ਸਮੇਂ ਆਤਿਸ਼ਬਾਜ਼ੀ ਕੀਤੀ ਗਈ ਅਤੇ ਖ਼ਾਲਸਈ ਜੈਕਾਰਿਆਂ ਨਾਲ ਅਸਮਾਨ ਗੂੰਜ ਉਠਿਆ।

ਇਸੇ ਦੌਰਾਨ ਅੱਜ ਇਥੋਂ ਨਗਰ ਕੀਰਤਨ ਦੀ ਮੁੰਬਈ ਲਈ ਰਵਾਨਗੀ ਹੋਈ। ਦੱਸਣਯੋਗ ਹੈ ਕਿ ਅਗਲੇ ਦੋ ਦਿਨ ਨਗਰ ਕੀਰਤਨ ਮੁੰਬਈ ਦੇ ਵੱਖ ਵੱਖ ਇਲਕਿਆਂ ਵਿਚ ਸਜਾਇਆ ਜਾਵੇਗਾ ਅਤੇ ਇਥੋਂ 24 ਸਤੰਬਰ ਨੂੰ ਬੜੋਦਾ ਲਈ ਚਾਲੇ ਪਾਵੇਗਾ।

ਅੱਜ ਨਗਰ ਕੀਰਤਨ ਦੀ ਬੇਲਾਪੁਰ ਨਵੀਂ ਮੁੰਬਈ ਤੋਂ ਰਵਾਨਗੀ ਸਮੇਂ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਸੰਗਤ ਨੂੰ ਕਥਾ ਰਾਹੀਂ ਨਿਹਾਲ ਕੀਤਾ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਸ. ਸੁਰਜੀਤ ਸਿੰਘ ਭਿੱਟੇਵਡ ਸਮੇਤ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ’ਤੇ ਮੈਂਬਰ ਪਾਰਲੀਮੈਂਟ ਸ੍ਰੀ ਮਨੋਜ ਕੋਟਕ, ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਗਨੇਸ਼ ਨਾਇਕ, ਵਿਧਾਇਕ ਸ੍ਰੀ ਪ੍ਰਸ਼ਾਨ ਠਾਕੁਰ, ਵਿਧਾਇਕ ਤਾਰਾ ਸਿੰਘ, ਸਿੰਘ ਸਾਹਿਬ ਭਾਈ ਰਾਮ ਸਿੰਘ, ਡਾ. ਪੀ.ਐਸ ਪਸਰੀਚਾ, ਜਸਬੀਰ ਸਿੰਘ ਧਾਮ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਵੀ ਸਵਾਗਤ ਕੀਤਾ ਗਿਆ।

-PTC News

Related Post