ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਟਿਆਲਾ ਜੇਲ੍ਹ ਦਾ ਅਚਾਨਕ ਕੀਤਾ ਦੌਰਾ

By  Pardeep Singh March 25th 2022 03:50 PM -- Updated: March 25th 2022 03:56 PM

ਪਟਿਆਲਾ: ਪੰਜਾਬ ਦੇ ਨਵੇਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ  ਵਿੱਚ ਅਚਾਨਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚੋਂ ਮੋਬਾਈਲ ਫੋਨ ਦੀ ਵਰਤੋਂ ਮੁਕੰਮਲ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਜਲਦੀ ਨਵੀਂ ਤਕਨਾਲੋਜੀ ਲਿਆਂਦੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਭਰਤੀ ਦਾ ਐਲਾਨ ਵੀ ਕੀਤਾ ਅਤੇ ਕੈਦੀਆਂ ਦੇ ਸੁਧਾਰ ਲਈ ਨਵੇਂ ਕਦਮ ਉਠਾਉਣ ਸਮੇਤ ਕੈਦੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਵੀਆਂ ਜੇਲ੍ਹਾਂ ਬਣਾਉਣ ਦੀ ਗੱਲ ਵੀ ਆਖੀ। ਹਰਜੋਤ ਸਿੰਘ ਬੈਂਸ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਜੇਲ ਅਧਿਕਾਰੀਆਂ ਨੂੰ ਮਿਲੇ ਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਜੇਲਾਂ ਵੱਲ ਕੋਈ ਧਿਆਨ ਨਾ ਦੇ ਕੇ ਨਾਂ ਤਾਂ ਨਵੀਂ ਭਰਤੀ ਕੀਤੀ ਅਤੇ ਨਾਂ ਹੀ ਲੋੜੀਂਦੇ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਪਰੰਤੂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੇਲ ਮਹਿਕਮੇ 'ਚ ਨਸ਼ੇ ਦੇ ਆਦੀ ਬੰਦੀਆਂ ਦੇ ਇਲਾਜ ਲਈ ਮਨੋਵਿਗਿਆਨੀਆਂ ਤੇ ਮਨੋਰੋਗ ਮਾਹਰਾਂ ਅਤੇ ਹੋਰ ਅਮਲੇ ਦੀ ਨਵੀਂ ਭਰਤੀ ਕਰਨ ਸਮੇਤ ਆਧੁਨਿਕ ਉਪਕਰਨ ਵੀ ਪ੍ਰਦਾਨ ਕੀਤੇ ਜਾਣਗੇ।

ਇਸ ਦੇ ਨਾਲ ਹੀ ਜੇਲ੍ਹ ਮੰਤਰੀ ਨੇ ਜੇਲ੍ਹਾਂ ਦੇ ਅੰਦਰ ਆਉਂਦੇ ਨਸ਼ੇੜੀਆਂ ਦੇ ਢੁਕਵੇਂ ਇਲਾਜ ਦੇ ਪ੍ਰਬੰਧ 'ਤੇ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਧੁਨਿਕ ਤਕਨਾਲੌਜੀ ਵਰਤੀ ਜਾਵੇਗੀ। ਬੈਂਸ ਨੇ ਹੋਰ ਸਪੱਸ਼ਟ ਕੀਤਾ ਕਿ ਕਿਸੇ ਵੀ ਬੰਦੀ ਨੂੰ ਵੀ.ਆਈ.ਪੀ. ਟਰੀਟਮੈਂਟ ਨਹੀਂ ਦਿੱਤਾ ਜਾਵੇਗਾ ਅਤੇ ਹਰ ਇਕ ਬੰਦੀ ਨਾਲ ਜੇਲ ਮੈਨੁਅਲ ਮੁਤਾਬਕ ਇੱਕੋ-ਜਿਹਾ ਵਰਤਾਓ ਕੀਤਾ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜੇਲ ਅਧਿਕਾਰੀ ਅਜਿਹੇ ਜਾਂ ਕਿਸੇ ਵੀ ਹੋਰ ਮਾਮਲੇ ਸਮੇਤ ਜੇਲਾਂ 'ਚ ਨਸ਼ਿਆਂ ਦੀ ਤਸਕਰੀ ਆਦਿ 'ਚ ਦੋਸ਼ੀ ਪਾਇਆ ਗਿਆ ਤਾਂ ਉਸ ਨਾਲ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਹੋਰ ਕਿਹਾ ਕਿ ਜੇਲਾਂ 'ਚ ਸੁਧਾਰਾਂ ਨੂੰ ਤਰਜੀਹ ਦਿੰਦਿਆਂ ਪੰਜਾਬ 'ਚ ਨਵੀਆਂ ਜੇਲਾਂ ਵੀ ਉਸਾਰੀਆਂ ਜਾਣਗੀਆਂ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਭਗਵੰਤ ਮਾਨ ਵੱਲੋਂ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ।ਹਰਜੋਤ ਸਿੰਘ ਬੈਂਸ ਨੇ ਇੱਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਹਰ ਮਾਮਲੇ ਦੀ ਪੂਰੀ ਬਾਰੀਕੀ ਨਾਲ ਘੋਖ ਰਹੇ ਹਨ ਅਤੇ ਬਹੁਤ ਜਲਦ ਹੀ ਭੂਖਨਣ ਦੇ ਮਾਮਲੇ 'ਚ ਵੀ ਵੱਡਾ ਫੈਸਲਾ ਲਿਆ ਜਾਵੇਗਾ। ਜੇਲ ਮੰਤਰੀ ਨੇ ਆਈ.ਜੀ. ਜੇਲਾਂ ਰੂਪ ਕੁਮਾਰ, ਐਸ.ਐਸ.ਪੀ. ਪਟਿਆਲਾ ਡਾ. ਸੰਦੀਪ ਗਰਗ, ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਡਿਪਟੀ ਸੁਪਰਡੈਂਟ ਹਰਜੋਤ ਸਿੰਘ ਕਲੇਰ, ਅਤੇ ਹੋਰ ਜੇਲ ਅਧਿਕਾਰੀਆਂ ਨਾਲ ਵਿਸਥਾਰ 'ਚ ਜੇਲ ਪ੍ਰਬੰਧਾਂ ਬਾਰੇ ਮੀਟਿੰਗ ਕਰਕੇ ਜੇਲ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ:ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਬੱਸ 'ਤੇ ਰਾਜ ਭਵਨ ਪੁੱਜੇ ਕਿਸਾਨ

-PTC News

Related Post