ਡਾਕਟਰ ਦੇ ਘਰ ਹੋਈ ਲੱਖਾਂ ਦੀ ਚੋਰੀ, ਚੋਰ ਵੀ ਚੜ੍ਹ ਗਿਆ ਅੜੀਕੇ ਫਿਰ ਵੀ ਪਰਿਵਾਰ ਨੇ ਪੁਲਿਸ ਤੇ ਚੁੱਕੇ ਸਵਾਲ

By  Pardeep Singh August 13th 2022 05:30 PM -- Updated: August 13th 2022 06:10 PM

ਕਪੂਰਥਲਾ: ਕਪੂਰਥਲਾ ਵਿੱਚ ਇਕ ਰਿਟਾਇਰਡ ਹੋਮਿਓਪੈਥਿਕ ਡਾਕਟਰ ਦੇ ਘਰੋਂ ਦਿਨ-ਦਿਹਾੜੇ 10 ਲੱਖ ਰੁਪਏ ਦੇ ਗਹਿਣਿਆਂ ਦੀ ਚੋਰੀ ਹੋਈ, ਜਿਸ ਨੂੰ ਲੈ ਕੇ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਦਰਵਾਜ਼ੇ ਦੇ ਨਾਲ ਦੀ ਜਾਲੀ ਵਾਲੀ ਗਰਿੱਲ ਤੋੜ ਕੇ ਚੋਰ ਅੰਦਰ ਦਾਖ਼ਲ ਹੋਏ ਅਤੇ ਅਲਮਾਰੀ ਵਿਚੋਂ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਹਨ। ਪਰਿਵਾਰ ਦੇ ਮੁਤਾਬਿਕ ਇਹ ਘਟਨਾ 25 ਜੁਲਾਈ ਦੀ ਹੈ ਅਤੇ ਸਾਡੇ ਕੋਲ ਸੀਸੀਟੀਵੀ ਵੀ ਹੈ ਜਿਸ ਦੀ ਫੁਟੇਜ ਉੱਤੇ 25 ਤਰੀਕ ਹੈ। ਪਰਿਵਾਰ ਨੇ ਪੁਲਿਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਨੇ 25 ਜੁਲਾਈ ਨੂੰ ਸਾਡੀ ਐਫਆਈਆਰ ਹੀ ਦਰਜ ਨਹੀਂ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਚਾਰ ਦਿਨ ਬਾਅਦ 29 ਜੁਲਾਈ ਨੂੰ ਮਾਮਲਾ ਦਰਜ ਕੀਤਾ। 


ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਾਡੇ ਤੋਂ ਆਈਡੈਂਟੀਫਾਈ ਕਰਵਾਇਆ ਗਿਆ।ਪਰਿਵਾਰ ਨੇ ਦੱਸਿਆ ਹੈ ਕਿ ਪੁਲਿਸ ਨੇ ਇਕ ਹੀ ਗਹਿਣਾ ਦਿਖਾਇਆ ਹੈ ਜੋ ਅਸੀਂ ਪਛਾਣ ਲਿਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਬਾਕੀ ਗਹਿਣੇ ਨਹੀ ਦਿਖਾਏ ਹਨ ਅਤੇ ਪੁਲਿਸ ਦੀ ਢਿੱਲੀ ਕਾਰਜਗੁਜ਼ਾਰੀ ਉੱਤੇ ਰੋਸ ਪ੍ਰਗਟ ਕੀਤਾ ਹੈ।



ਉਧਰ ਪੁਲਿਸ ਅਧਿਕਾਰੀ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਦੇ ਘਰੋਂ ਚੋਰੀ ਹੋਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਡਾਕਟਰ ਦੇ ਕਹਿਣ ਮੁਤਾਬਕ ਮਾਮਲਾ ਦਰਜ ਕਰ ਲਿਆ ਹੈ ਅਤੇ ਵੀਡੀਓ ਆਉਂਦੇ ਸਾਰ ਹੀ ਚੋਰ ਗ੍ਰਿਫ਼ਤਾਰ ਕਰ ਲਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਚੋਰ ਕੋਲੋਂ ਕੁਝ ਗਹਿਣੇ ਬਰਾਮਦ ਹੋਏ ਹਨ ਅਤੇ ਬਾਕੀ ਗਹਿਣੇ ਬਰਾਮਦ ਨਹੀਂ ਹੋਏ ਹਨ ਕਿਉਂਕਿ ਉਨ੍ਹਾਂ ਦੇ ਬਾਕੀ ਸਾਥੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਕੋਲੋਂ ਜਾਂਚ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚੋਰ ਦੇ ਬਾਕੀ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਕੀਤੀ ਜਾਰੀ



-PTC News

Related Post